ਵਾਸਨਿਕ, ਜੈਰਾਮ ਨੂੰ ਮਿਲ ਸਕਦੀ ਹੈ ਰਾਜ ਸਭਾ ਦੀ ਟਿਕਟ, ਆਜ਼ਾਦ ਤੇ ਸ਼ਰਮਾ ਨੂੰ ਲੈ ਕੇ ਸ਼ਸ਼ੋਪੰਜ

Friday, May 20, 2022 - 11:22 AM (IST)

ਨਵੀਂ ਦਿੱਲੀ– ਅਜਿਹਾ ਲੱਗਦਾ ਹੈ ਕਿ ਜੀ-23 (23 ਨਾਰਾਜ਼ ਨੇਤਾਵਾਂ ਦਾ ਗਰੁੱਪ) ਦੇ ਘੱਟ ਤੋਂ ਘੱਟ 2 ਸੀਨੀਅਰ ਨੇਤਾਵਾਂ ਭੁਪਿੰਦਰ ਸਿੰਘ ਹੁੱਡਾ ਅਤੇ ਮੁਕੁਲ ਵਾਸਨਿਕ ਦਾ ਹਾਈਕਮਾਨ ਨਾਲ ਪੈਚਅਪ ਹੋ ਗਿਆ ਹੈ। ਜੇ ਹੁੱਡਾ ਨੂੰ 2024 ਦੀਆਂ ਲੋਕ ਸਭਾ ਚੋਣਾਂ ’ਚ ਆਪਣਾ ਅਸਰ ਦਿਖਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਉਥੇ ਇਕ ਹੋਰ ਮਹੱਤਵਪੂਰਨ ਮੈਂਬਰ ਮਹਾਰਾਸ਼ਟਰ ਦੇ ਮੁਕੁਲ ਵਾਸਨਿਕ ਨੂੰ ਸੂਬੇ ਤੋਂ ਰਾਜ ਸਭਾ ਲਈ ਨਾਮਜ਼ਦਗੀ ਮਿਲ ਸਕਦੀ ਹੈ। ਰਾਜ ਸਭਾ ਦੀਆਂ ਸੀਟਾਂ ਲਈ 2-ਸਾਲਾ ਚੋਣਾਂ ਲਈ ਪ੍ਰਕਿਰਿਆ ਮਹਾਰਾਸ਼ਟਰ ’ਚ ਚੱਲ ਰਹੀ ਹੈ ਅਤੇ ਉਥੇ ਕਾਂਗਰਸ ਨੂੰ ਇਕ ਸੀਟ ਮਿਲਣੀ ਤੈਅ ਹੈ।

ਜਾਣਕਾਰੀ ਅਨੁਸਾਰ ਮੌਜੂਦਾ ਰਾਜ ਸਭਾ ਸੰਸਦ ਮੈਂਬਰ ਪੀ. ਚਿਦਾਂਬਰਮ ਨੂੰ ਤਾਮਿਲਨਾਡੂ ਭੇਜਿਆ ਜਾਵੇਗਾ, ਜਿਥੇ ਕਾਂਗਰਸ ਦਾ ਡੀ. ਐੱਮ. ਕੇ. ਨਾਲ ਗਠਜੋੜ ਹੈ। ਪਿਛਲੇ ਹਫਤੇ ਉਦੇਪੁਰ ’ਚ ਆਯੋਜਿਤ 3 ਦਿਨਾ ਚਿੰਤਨ ਕੈਂਪ ’ਚ ਵਾਸਨਿਕ ਕਾਫੀ ਉਤਸ਼ਾਹਿਤ ਸਨ ਅਤੇ ਹਾਈਕਮਾਨ ਨੇ ਉਨ੍ਹਾਂ ਨੂੰ ਸੰਗਠਨ ਮਾਮਲਿਆਂ ’ਤੇ ਚਰਚਾ ਕਰਨ ਵਾਲੀ ਮਹੱਤਵਪੂਰਨ ਕਮੇਟੀ ਦਾ ਕਨਵੀਨਰ ਬਣਾਇਆ ਹੈ। ਇਹ ਇਕ ਤਾਕਤਵਰ ਕਮੇਟੀ ਹੈ ਕਿਉਂਕਿ ਇਸ ਦੇ ਮੈਂਬਰਾਂ ’ਚ ਅਧੀਰ ਰੰਜਨ ਚੌਧਰੀ, ਅਜੇ ਮਾਕਨ, ਤਾਰਿਕ ਅਨਵਰ, ਰਣਦੀਪ ਸੁਰਜੇਵਾਲਾ ਤੇ ਹੋਰ ਸ਼ਾਮਲ ਹਨ। ਕੁਝ ਸਮਾਂ ਪਹਿਲਾਂ ਵਾਸਨਿਕ ਨੇ ਖੁਦ ਨੂੰ ਜੀ-23 ਤੋਂ ਦੂਰ ਕਰ ਲਿਆ ਸੀ ਅਤੇ ਚਿਦਾਂਬਰਮ ਦੇ ਤਾਮਿਲਨਾਡੂ ਜਾਣ ’ਤੇ ਉਨ੍ਹਾਂ ਨੂੰ ਇਹ ਸੀਟ ਮਿਲ ਸਕਦੀ ਹੈ।

ਹਾਲਾਂਕਿ ਮਿਲਿੰਦ ਦੇਵੜਾ ਸਮੇਤ ਬਹੁਤ ਸਾਰੇ ਨੇਤਾ ਇਸ ਇਕੱਲੀ ਸੀਟ ਲਈ ਦੌੜ ’ਚ ਹਨ ਪਰ ਦਲਿਤ ਹੋਣ ਦੇ ਕਾਰਨ ਵਾਸਨਿਕ ਨੂੰ ਇਸ ਮਾਮਲੇ ’ਚ ਬੜਤ ਹਾਸਲ ਹੈ। ਏ. ਆਈ. ਸੀ. ਸੀ. ਹੈੱਡਕੁਆਰਟਰ ਤੋਂ ਮਿਲ ਰਹੀ ਜਾਣਕਾਰੀ ਅਨੁਸਾਰ ਸੀਨੀਅਰ ਪਾਰਟੀ ਨੇਤਾ ਜੈਰਾਮ ਰਮੇਸ਼ ਨੂੰ ਵੀ ਰਾਜ ਸਭਾ ਲਈ ਮੁੜ ਨਾਮਜ਼ਦ ਕੀਤਾ ਜਾ ਸਕਦਾ ਹੈ। ਉਹ 2004 ਤੋਂ ਰਾਜ ਸਭਾ ਮੈਂਬਰ ਹਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਹਨ। ਅਜੇ ਮਾਕਨ, ਰਣਦੀਪ ਸੁਰਜੇਵਾਲਾ ਅਤੇ ਅਵਿਨਾਸ਼ ਪਾਂਡੇ ਦੇ ਨਾਂ ਵੀ ਵਿਚਾਰਅਧੀਨ ਹਨ।


Rakesh

Content Editor

Related News