ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ, ਕੁੱਲ 1349 ਉਮੀਦਵਾਰ ਚੋਣ ਮੈਦਾਨ 'ਚ

Sunday, Dec 04, 2022 - 08:13 AM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ 'ਚ ਨਗਰ ਨਿਗਮ ਚੋਣਾਂ ਲਈ ਐਤਵਾਰ ਨੂੰ ਸਖ਼ਤ ਸੁਰੱਖਿਆ ਵਿਚਕਾਰ ਵੋਟਿੰਗ ਸ਼ੁਰੂ ਹੋ ਗਈ, ਜਿਸ 'ਚ ਮੁੱਖ ਤੌਰ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ), ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਤਿਕੋਣਾ ਮੁਕਾਬਲਾ ਹੈ। ਦਿੱਲੀ ਨਗਰ ਨਿਗਮ (ਐੱਮਸੀਡੀ) ਦੇ 250 ਵਾਰਡਾਂ ਦੀਆਂ ਚੋਣਾਂ 'ਚ 1.45 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹਨ। ਸ਼ਹਿਰ 'ਚ ਸਖ਼ਤ ਸੁਰੱਖਿਆ ਵਿਚਕਾਰ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ, ਜੋ ਸਾਢੇ 5 ਵਜੇ ਤੱਕ ਹੋਵੇਗੀ ਅਤੇ ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਰਾਜ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਦਿੱਲੀ 'ਚ ਕੁੱਲ ਵੋਟਰਾਂ ਦੀ ਗਿਣਤੀ 1,45,05,358 ਹੈ, ਜਿਨ੍ਹਾਂ 'ਚੋਂ 78,93,418 ਪੁਰਸ਼, 66,10,879 ਔਰਤਾਂ ਅਤੇ 1,061 ਟਰਾਂਸਜੈਂਡਰ ਹਨ।

PunjabKesari

ਐੱਮਸੀਡੀ ਚੋਣਾਂ ਲਈ 1,349 ਉਮੀਦਵਾਰ ਮੈਦਾਨ 'ਚ ਹਨ। ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਭਾਜਪਾ ਅਤੇ 'ਆਪ' ਦੋਹਾਂ ਨੇ ਆਪੋ-ਆਪਣੀਆਂ ਜਿੱਤਾਂ ਦਾ ਭਰੋਸਾ ਜਤਾਇਆ ਹੈ, ਜਦਕਿ ਕਾਂਗਰਸ ਗੁਆਚੀ ਹੋਈ ਜ਼ਮੀਨ ਨੂੰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਨਵੀਂ ਹੱਦਬੰਦੀ ਤੋਂ ਬਾਅਦ ਇਹ ਪਹਿਲੀ ਸਿਵਲ ਬਾਡੀ ਚੋਣ ਹੈ ਅਤੇ ਇਹ ਵੋਟਿੰਗ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਕੁਝ ਦਿਨ ਬਾਅਦ ਅਤੇ ਦੂਜੇ ਪੜਾਅ ਤੋਂ ਇਕ ਦਿਨ ਪਹਿਲਾਂ ਹੋ ਰਹੀ ਹੈ। ਅਧਿਕਾਰੀਆਂ ਨੇ ਦਿੱਲੀ ਭਰ 'ਚ 13,638 ਪੋਲਿੰਗ ਬੂਥ ਬਣਾਏ ਹਨ। ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਐੱਮਸੀਡੀ ਚੋਣਾਂ ਲਈ,"ਲਗਭਗ 40,000 ਪੁਲਸ ਕਰਮਚਾਰੀ, ਲਗਭਗ 20,000 ਹੋਮ ਗਾਰਡ ਅਤੇ ਸੀ.ਏ.ਪੀ.ਐੱਫ ਅਤੇ ਐੱਸ.ਏ.ਪੀ. ਦੀਆਂ 108 ਕੰਪਨੀਆਂ ਤਾਇਨਾਤ ਕੀਤੀਆਂ ਜਾਣੀਆਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News