'Silver Dream' ਟੁੱਟਣ ਤੋਂ ਬਾਅਦ ਵਿਨੇਸ਼ ਦੀ ਭਾਵੁਕ ਪੋਸਟ- 'ਸਾਡੀ ਵਾਰੀ ਤਾਂ ਲੱਗਦੈ ਰੱਬ ਸੁੱਤਾ ਹੀ ਰਹਿ ਗਿਆ...'
Thursday, Aug 15, 2024 - 11:01 PM (IST)
ਸਪੋਰਟਸ ਡੈਸਕ- ਪੈਰਿਸ ਓਲੰਪਿਕ 'ਚ ਕੁਸ਼ਤੀ ਦੇ ਫਾਈਨਲ ਮੁਕਾਬਲੇ ਤੋਂ ਐਨ ਪਹਿਲਾਂ 100 ਗ੍ਰਾਮ ਭਾਰ ਵੱਧ ਹੋਣ ਕਾਰਨ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਇਸ ਫ਼ੈਸਲੇ ਖ਼ਿਲਾਫ਼ ਕੋਰਟ ਆਫ਼ ਆਰਬਿਟ੍ਰੇਸ਼ਨ ਫ਼ਾਰ ਸਪੋਰਟਸ (ਸੀ.ਐੱਸ.ਐੱਫ.) ਦਾ ਦਰਵਾਜ਼ਾ ਖੜਕਾਇਆ ਸੀ। ਉਸ ਨੇ ਸਪੋਰਟਸ ਕੋਰਟ 'ਚ ਪਟੀਸ਼ਨ ਦਾਇਰ ਕਰਦੇ ਹੋਏ ਸਾਂਝੇ ਤੌਰ 'ਤੇ ਸਿਲਵਰ ਮੈਡਲ ਦੇਣ ਦੀ ਅਪੀਲ ਕੀਤੀ ਸੀ।
ਇਸ ਮਾਮਲੇ 'ਚ ਕੋਰਟ ਨੇ 9 ਅਗਸਤ ਨੂੰ ਸੁਣਵਾਈ ਕੀਤੀ ਸੀ ਤੇ 11 ਅਗਸਤ ਨੂੰ ਫ਼ੈਸਲਾ ਸੁਣਾਉਣ ਦਾ ਐਲਾਨ ਕੀਤਾ ਸੀ। ਇਸ ਮਗਰੋਂ ਕੋਰਟ ਨੇ ਫ਼ੈਸਲੇ ਦੀ ਤਾਰੀਖ਼ ਬਦਲ ਕੇ 13 ਅਗਸਤ ਕਰ ਦਿੱਤੀ ਤੇ ਇਸ ਤੋਂ ਬਾਅਦ ਮੁੜ 16 ਅਗਸਤ ਨੂੰ ਫ਼ੈਸਲਾ ਸੁਣਾਉਣ ਦਾ ਐਲਾਨ ਕਰ ਦਿੱਤਾ। ਪਰ ਫ਼ਿਰ ਅਚਾਨਕ ਹੀ ਇਹ ਫ਼ੈਸਲਾ ਬੀਤੇ ਦਿਨ, ਭਾਵ 14 ਅਗਸਤ ਨੂੰ ਹੀ ਐਲਾਨ ਦਿੱਤਾ ਗਿਆ, ਜਿਸ ਨੇ ਵਿਨੇਸ਼ ਫੋਗਾਟ ਤੇ ਕਰੋੜਾਂ ਦੇਸ਼ਵਾਸੀਆਂ ਦਾ ਸਿਲਵਰ ਮੈਡਲ ਦਾ ਸੁਪਨਾ ਚਕਨਾਚੂਰ ਕਰ ਕੇ ਰੱਖ ਦਿੱਤਾ।
ਬੀਤੇ ਦਿਨ ਜਦੋਂ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾਉਣ ਦੀ ਤਿਆਰੀ ਕਰ ਰਿਹਾ ਸੀ ਤਾਂ ਸ਼ਾਮ ਦੇ ਸਮੇਂ ਆਏ ਇਸ ਫ਼ੈਸਲੇ ਨੇ ਸਭ ਭਾਰਤੀਆਂ ਦਾ ਦਿਲ ਤੋੜ ਦਿੱਤਾ। ਸਪੋਰਟਸ ਕੋਰਟ ਨੇ ਵਿਨੇਸ਼ ਦੀ ਪਟੀਸ਼ਨ ਨੂੰ ਰੱਦ ਕੀਤੇ ਜਾਣ ਦਾ ਐਲਾਨ ਕਰ ਦਿੱਤਾ, ਜਿਸ ਕਾਰਨ ਹਰ ਖੇਡ ਪ੍ਰੇਮੀ ਤੇ ਵਿਨੇਸ਼ ਦਾ ਸਮਰਥਕ ਹੈਰਾਨ ਹੋ ਗਿਆ। ਕੋਰਟ ਨੇ ਇਹ ਫ਼ੈਸਲਾ ਦਿੱਤੇ ਗਏ ਸਮੇਂ ਤੋਂ 2 ਦਿਨ ਪਹਿਲਾਂ ਸੁਣਾ ਦਿੱਤਾ ਤੇ ਇਸ ਦਾ ਹਾਲੇ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ ਕਿ ਉਸ ਦੀ ਪਟੀਸ਼ਨ ਨੂੰ ਰੱਦ ਕਿਉਂ ਕੀਤਾ ਗਿਆ ਹੈ।
ਇਸ ਦਿਲ ਤੋੜ ਦੇਣ ਵਾਲੇ ਫ਼ੈਸਲੇ ਤੋਂ ਬਾਅਦ ਵਿਨੇਸ਼ ਨੇ ਹੁਣ ਇਕ ਭਾਵੁਕ ਪੋਸਟ ਕੀਤੀ ਹੈ, ਜਿਸ 'ਚ ਉਸ ਨੇ ਆਪਣੀ ਖ਼ੁਦ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਬੈਕਗ੍ਰਾਊਂਡ 'ਚ ਬੀ ਪ੍ਰਾਕ ਦਾ ਗੀਤ 'ਰੱਬਾ ਵੇ' ਲਗਾਇਆ ਹੈ। ਇਸ ਗੀਤ ਮੁਤਾਬਕ ਉਹ ਰੱਬ ਨੂੰ ਕਹਿ ਰਹੀ ਹੈ ਕਿ ਉਸ ਨੂੰ ਇਨਸਾਫ਼ ਨਹੀਂ ਮਿਲਿਆ ਹੈ ਤੇ ਉਸ ਦੀ ਵਾਰੀ ਤਾਂ ਰੱਬ ਸੁੱਤਾ ਹੀ ਰਹਿ ਗਿਆ।
ਇਹ ਤਸਵੀਰ ਪੈਰਿਸ ਓਲੰਪਿਕ 'ਚ 6 ਅਗਸਤ ਨੂੰ ਹੋਏ ਉਸ ਮੁਕਾਬਲੇ ਦੀ ਹੈ, ਜਦੋਂ ਉਸ ਨੇ ਅੰਤਰਰਾਸ਼ਟਰੀ ਕੁਸ਼ਤੀ 'ਚ ਕਦੇ ਨਾ ਹਾਰਨ ਵਾਲੀ ਜਾਪਾਨ ਦੀ ਯੁਈ ਸੁਸਾਕੀ ਨੂੰ ਹਰਾ ਕੇ ਇਤਿਹਾਸਕ ਜਿੱਤ ਹਾਸਲ ਕੀਤੀ ਸੀ। ਇਸ ਤਸਵੀਰ 'ਚ ਉਹ ਮੈਟ 'ਤੇ ਲੰਮੀ ਪਈ ਹੋਈ ਹੈ ਤੇ ਉਸ ਨੇ ਆਪਣੇ ਦੋਵੇਂ ਹੱਥ ਆਪਣੇ ਚਿਹਰੇ 'ਤੇ ਰੱਖੇ ਹੋਏ ਹਨ।
ਉਸ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਦੇ ਕੁਮੈਂਟਾਂ ਦੀ ਝੜੀ ਲੱਗ ਗਈ ਹੈ। ਲੋਕ ਉਸ ਨੂੰ 'ਚੈਂਪੀਅਨ' ਤੇ 'ਗੋਲਡਨ ਗਰਲ' ਕਹਿ ਰਹੇ ਹਨ। ਭਾਰਤੀ ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ ਨੇ ਵੀ ਇਸ ਪੋਸਟ 'ਤੇ ਕੁਮੈਂਟ ਕਰ ਕੇ ਲਿਖਿਆ, ''ਤੁਸੀਂ ਸਾਡੇ ਸਭ ਲਈ ਪ੍ਰੇਰਨਾ ਹੋ ਤੇ ਭਾਰਤ ਲਈ ਸੱਚਮੁੱਚ ਇਕ ਹੀਰਾ ਹੋ। ਭਾਰਤ ਨੂੰ ਤੁਹਾਡੇ 'ਤੇ ਮਾਣ ਹੈ। ਤੁਹਾਡਾ ਸਫ਼ਰ ਦੇਖਣ ਦਾ ਮੌਕਾ ਮਿਲਣ ਕਾਰਨ ਅਸੀਂ ਖ਼ੁਦ ਨੂੰ ਖੁਸ਼ਕਿਸਮਤ ਸਮਝਦੇ ਹਾਂ।'' ਇਸ ਤੋਂ ਇਲਾਵਾ ਕੁਝ ਲੋਕਾਂ ਨੇ ਲਿਖਿਆ, ''ਤੁਸੀਂ ਗੋਲਡ ਮੈਡਲ ਨਾਲੋਂ ਵੀ ਜ਼ਿਆਦਾ ਕੀਮਤੀ ਹੋ..''। ਕਈ ਲੋਕਾਂ ਨੇ ਉਸ ਨੂੰ 'ਲੈਂਜੇਂਡ' ਕਹਿ ਕਿ ਸਨਮਾਨਿਤ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e