ਸੁਪਰੀਮ ਕੋਰਟ ਦਾ ਦਿੱਲੀ ਸਰਕਾਰ ਦੇ ਹੱਕ 'ਚ ਵੱਡਾ ਫ਼ੈਸਲਾ, ਕੇਜਰੀਵਾਲ ਬੋਲੇ- ਲੋਕਤੰਤਰ ਦੀ ਜਿੱਤ ਹੋਈ

05/11/2023 2:27:49 PM

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਨੇ ਕੇਂਦਰ-ਦਿੱਲੀ ਸੇਵਾ ਵਿਵਾਦ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਵੀਰਵਾਰ ਨੂੰ ਸ਼ਲਾਘਾ ਕੀਤੀ ਅਤੇ ਪਾਰਟੀ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਨੂੰ 'ਲੋਕਤੰਤਰ ਦੀ ਜਿੱਤ' ਕਰਾਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੇਜਰੀਵਾਲ ਪਿਛਲੇ ਕਈ ਮਹੀਨਿਆਂ 'ਚ ਪਹਿਲੀ ਵਾਰ ਦਿੱਲੀ ਸਕੱਤਰੇਤ ਜਾਣਗੇ ਅਤੇ ਆਪਣੀ ਕੈਬਨਿਟ ਦੀ ਬੈਠਕ ਕਰਨਗੇ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਰਬਸੰਮਤੀ ਨਾਲ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੇਵਾਵਾਂ ਦੇ ਸੰਬੰਧ 'ਚ ਦਿੱਲੀ ਸਰਕਾਰ ਕੋਲ ਵਿਧਾਨਕ ਅਤੇ ਕਾਰਜਕਾਰੀ ਸ਼ਕਤੀਆਂ ਹਨ। 'ਆਪ' ਨੇ ਇਸ ਫ਼ੈਸਲੇ ਦਾ ਸੁਆਗਤ ਕਰਦੇ ਹੋਏ ਟਵੀਟ ਕੀਤਾ,''ਸੱਤਿਆਮੇਵ ਜਯਤੇ। ਦਿੱਲੀ ਸਰਕਾਰ ਦੀ ਸੁਪਰੀਮ ਕੋਰਟ 'ਚ ਵੱਡੀ ਜਿੱਤ ਹੋਈ। ਚੁਣੀ ਹੋਈ ਸਰਕਾਰ ਕੋਲ ਅਧਿਕਾਰੀਆਂ ਦੇ ਤਬਾਦਲੇ-ਪੋਸਟਿੰਗ ਦੀ ਸ਼ਕਤੀ ਹੋਵੇਗੀ। ਅਧਿਕਾਰੀ ਚੁਣੀ ਹੋਈ ਸਰਕਾਰ ਦੇ ਮਾਧਿਅਮ ਨਾਲ ਹੀ ਕੰਮ ਕਰਨਗੇ।''

PunjabKesari

ਉੱਥੇ ਹੀ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਨਿਆਂ ਕਰਨ ਲਈ ਸੁਪਰੀਮ ਕੋਰਟ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਵਿਕਾਸ ਦੀ ਗਤੀ ਕਈ ਗੁਣਾ ਵੱਧ ਜਾਵੇਗੀ। ਉਨ੍ਹਾਂ ਨੇ ਟਵੀਟ ਕੀਤਾ,''ਦਿੱਲੀ ਦੇ ਲੋਕਾਂ ਨਾਲ ਨਿਆਂ ਕਰਨ ਲਈ ਮਾਨਯੋਗ ਸਰਵਉੱਚ ਅਦਾਲਤ ਦਾ ਹਾਰਦਿਕ ਧੰਨਵਾਦ। ਇਸ ਫ਼ੈਸਲੇ ਨਾਲ ਦਿੱਲੀ ਦੇ ਵਿਕਾਸ ਦੀ ਗਤੀ ਕਈ ਗੁਣਾ ਵੱਧ ਜਾਵੇਗੀ। ਲੋਕਤੰਤਰ ਦੀ ਜਿੱਤ ਹੋਈ।'' ਸੇਵਾਵਾਂ 'ਤੇ ਅਧਿਕਾਰ ਦੇ ਮੁੱਦੇ 'ਤੇ ਕੇਂਦਰ ਅਤੇ ਦਿੱਲੀ ਸਰਕਾਰ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਸੰਵਿਧਾਨਕ ਬੈਂਚ ਨੇ ਕਿਹਾ ਕਿ ਚੁਨਿੰਦਾ ਸਰਕਾਰ ਦਾ ਪ੍ਰਸ਼ਾਸਨ 'ਤੇ ਕੰਟਰੋਲ ਜ਼ਰੂਰੀ ਹੈ। ਉਸ ਨੇ ਜੱਜ ਅਸ਼ੋਕ ਭੂਸ਼ਣ ਦੇ 2019 ਦੇ ਫ਼ੈਸਲੇ ਨਾਲ ਅਸਹਿਮਤੀ ਜਤਾਈ ਕਿ ਸ਼ਹਿਰ ਦੀ ਸਰਕਾਰ ਦਾ ਸੇਵਾਵਾਂ ਦੇ ਮਾਮਲੇ 'ਚ ਕੋਈ ਅਧਿਕਾਰ ਨਹੀਂ ਹੈ। 


DIsha

Content Editor

Related News