ਗੱਡੀ ਦੀ ਨੰਬਰ ਪਲੇਟ ਨੂੰ ਲੈ ਕੇ ਸਰਕਾਰ ਨੇ ਦੱਸੀ ਇਹ ਗੱਲ, ਦੂਰ ਹੋਵੇਗੀ ਉਲਝਣ
Saturday, Jul 18, 2020 - 02:08 PM (IST)
ਨਵੀਂ ਦਿੱਲੀ- ਗੱਡੀ ਦੇ ਨੰਬਰ ਪਲੇਟ ਦੇ ਰੰਗਾਂ ਨੂੰ ਲੈ ਕੇ ਸਰਕਾਰ ਵਲੋਂ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ 'ਤੇ ਹਰੇ ਰੰਗ ਦੀ ਨੰਬਰ ਪਲੇਟ ਅਤੇ ਉਸ 'ਤੇ ਪੀਲੇ ਰੰਗ ਨਾਲ ਗੱਡੀ ਦਾ ਨੰਬਰ ਲਿਖਣ ਦਾ ਕੰਮ ਪਹਿਲੇ ਦੀ ਤਰ੍ਹਾਂ ਜਾਰੀ ਰਹੇਗਾ। ਇਸ ਦੇ ਨਾਲ ਹੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਹੈ। ਇਸ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਵਾਹਨਾਂ ਦੇ ਅਸਥਾਈ ਰਜਿਸਟਰੇਸ਼ਨ ਦੀ ਨੰਬਰ ਪਲੇਟ ਪੀਲੇ ਰੰਗ ਦੀ ਹੋਵੇਗੀ। ਇਸ 'ਤੇ ਲਾਲ ਰੰਗ ਦੇ ਅੱਖਰ-ਅੰਕ ਲਿਖੇ ਹੋਣਗੇ, ਜਦੋਂ ਕਿ ਡੀਲਰਾਂ ਕੋਲ ਰੱਖੇ ਵਾਹਨਾਂ 'ਤੇ ਨੰਬਰ ਪਲੇਟ ਲਾਲ ਰੰਗ ਦੀ ਹੋਵੇਗੀ, ਜਿਸ 'ਤੇ ਸਫੇਦ ਰੰਗ ਨਾਲ ਅੱਖਰ-ਅੰਕ ਲਿਖੇ ਹੋਣਗੇ।
7 ਰੰਗਾਂ ਦੀਆਂ ਹੁੰਦੀਆਂ ਹਨ ਨੰਬਰ ਪਲੇਟਾਂ
ਮੰਤਰਾਲੇ ਨੇ ਕਿਹਾ ਕਿ ਇਹ ਨੋਟੀਫਿਕੇਸ਼ਨ ਸਿਰਫ਼ ਵਾਹਨਾਂ ਦੇ ਨੰਬਰ ਪਲੇਟ ਦੀ ਬੈਕਗਰਾਊਂਡ ਅਤੇ ਉਸ 'ਤੇ ਲਿਖੇ ਅੱਖਰ-ਅੰਕ ਦੇ ਰੰਗਾਂ ਨਾਲ ਜੁੜੀ ਅਸਪੱਸ਼ਟਤਾ ਦੂਰ ਕਰਨ ਲਈ ਜਾਰੀ ਕੀਤੀ ਗਈ। ਮੰਤਰਾਲੇ ਨੇ ਕਿਹਾ ਕਿ ਇਸ ਨੋਟੀਫਿਕੇਸ਼ਨ 'ਚ ਕੁਝ ਵੀ ਨਵਾਂ ਨਹੀਂ ਜੋੜਿਆ ਗਿਆ ਹੈ। ਦੱਸਣਯੋਗ ਹੈ ਕਿ ਵਾਹਨਾਂ 'ਚ 7 ਰੰਗਾਂ ਦੀ ਨੰਬਰ ਪਲੇਟਾਂ ਹੁੰਦੀਆਂ ਹਨ। ਇਹ ਪਲੇਟਾਂ- ਸਫੇਦ, ਨੀਲੀ, ਪੀਲੀ, ਲਾਲ, ਹਰੀ, ਕਾਲੀ ਅਤੇ ਤੀਰ ਨਿਸ਼ਾਨ ਦੀਆਂ ਹੁੰਦੀਆਂ ਹਨ।
ਹਰ ਰੰਗ ਦੀ ਪਲੇਟ ਦਾ ਆਪਣਾ ਹੀ ਇਕ ਅਰਥ
ਹਰ ਰੰਗ ਦੀ ਪਲੇਟ ਦਾ ਆਪਣਾ ਇਕ ਅਰਥ ਹੁੰਦਾ ਹੈ। ਉਦਾਹਰਣ ਲਈ ਸਫੇਦ ਪਲੇਟ ਆਮ ਗੱਡੀਆਂ ਲਈ, ਪੀਲੀ ਪਲੇਟ ਕਮਰਸ਼ੀਅਲ ਗੱਡੀਆਂ ਲਈ ਅਤੇ ਨੀਲੀ ਪਲੇਟ ਵਿਦੇਸ਼ੀ ਪ੍ਰਤੀਨਿਧੀਆਂ ਲਈ ਇਸਤੇਮਾਲ ਹੁੰਦੀ ਹੈ। ਇਸੇ ਤਰ੍ਹਾਂ ਕਾਲੇ ਰੰਗ ਦੀਆਂ ਪਲੇਟਾਂ ਵਾਲੀਆਂ ਗੱਡੀਆਂ ਵੀ ਕਮਰਸ਼ੀਅਲ (ਵਪਾਰਕ) ਤਾਂ ਹੁੰਦੀਆਂ ਹਨ ਪਰ ਇਹ ਕਿਸੇ ਖਾਸ ਵਿਅਕਤੀ ਲਈ ਅਧਿਕਾਰਤ ਹੁੰਦੀਆਂ ਹਨ। ਉੱਥੇ ਹੀ ਇਲੈਕਟ੍ਰਿਕ ਆਵਾਜਾਈ ਵਾਹਨਾਂ ਲਈ ਨੰਬਰ ਪਲੇਟ ਦਾ ਬੈਕਗਰਾਊਂਡ ਹਰਾ ਤੈਅ ਹੈ। ਜੇਕਰ ਕਿਸੇ ਗੱਡੀ 'ਚ ਲਾਲ ਰੰਗ ਦੀ ਨੰਬਰ ਪਲੇਟ ਹੈ ਤਾਂ ਉਹ ਗੱਡੀ ਭਾਰਤ ਦੇ ਰਾਸ਼ਟਰਪਤੀ ਜਾਂ ਫਿਰ ਕਿਸੇ ਸੂਬੇ ਦੇ ਰਾਜਪਾਲ ਦੀ ਹੁੰਦੀ ਹੈ। ਫੌਜ ਵਾਹਨਾਂ ਲਈ ਵੱਖ ਤਰ੍ਹਾਂ ਦੀ ਨੰਬਰਿੰਗ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੀਆਂ ਗੱਡੀਆਂ ਦੀ ਨੰਬਰ ਪਲੇਟ 'ਚ ਨੰਬਰ ਦੇ ਪਹਿਲੇ ਜਾਂ ਤੀਜੇ ਅੰਕ ਦੇ ਸਥਾਨ 'ਤੇ ਉੱਪਰ ਵੱਲ ਇਸ਼ਾਰਾ ਕਰਦੇ ਤੀਰ ਦਾ ਨਿਸ਼ਾਨ ਹੁੰਦਾ ਹੈ, ਜਿਸ ਨੂੰ ਬ੍ਰਾਡ ਐਰੋ ਕਿਹਾ ਜਾਂਦਾ ਹੈ।