ਸਖਤ ਸੁਰੱਖਿਆ ਵਿਚਾਲੇ ਯਾਤਰੀਆਂ ਨੂੰ ਲੈ ਕੇ ਸ਼੍ਰੀਨਗਰ ਪੁੱਜੀ ਪਹਿਲੀ ‘ਵੰਦੇ ਭਾਰਤ’ ਟਰੇਨ
Sunday, Jun 08, 2025 - 12:55 AM (IST)

ਕਟੜਾ(ਅਮਿਤ)-‘ਕਟੜਾ-ਸ਼੍ਰੀਨਗਰ ਵੰਦੇ ਭਾਰਤ’ ਟਰੇਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਬਾਅਦ ਸ਼ਨੀਵਾਰ ਸਵੇਰੇ 8.10 ਵਜੇ ਸੂਬੇ ਦੀ ਪਹਿਲੀ ‘ਵੰਦੇ ਭਾਰਤ’ ਟਰੇਨ 530 ਯਾਤਰੀਆਂ ਨੂੰ ਲੈ ਕੇ ਸਖ਼ਤ ਸੁਰੱਖਿਆ ਵਿਚਾਲੇ ਸ਼੍ਰੀਨਗਰ ਪਹੁੰਚੀ, ਜਦੋਂ ਕਿ ਦੁਪਹਿਰ 2 ਵਜੇ ਸ਼੍ਰੀਨਗਰ ਤੋਂ ਕਟੜਾ ਲਈ ਰਵਾਨਾ ਹੋਣ ਵਾਲੀ ‘ਵੰਦੇ ਭਾਰਤ’ ਟਰੇਨ ਦੀ ਬੁਕਿੰਗ ਵੀ ਲੱਗਭਗ ਫੁੱਲ ਹੀ ਸੀ।
ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਆਰ. ਪੀ. ਐੱਫ. ਦੇ ਕਮਾਂਡੋਜ਼ ਅਤੇ ਭਾਰਤੀ ਫੌਜ ਦੇ ਜਵਾਨਾਂ ਸਣੇ ਰੇਲਵੇ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਵੀ ਟਰੇਨ ’ਚ ਤਾਇਨਾਤ ਕੀਤੀਆਂ ਗਈਆਂ ਸਨ। ਸੁਰੱਖਿਆ ਕਾਰਨਾਂ ਕਰ ਕੇ ਰੇਲਗੱਡੀ ’ਚ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਯਾਤਰਾ ਦੇ ਹਰ ਪਹਿਲੂ ’ਤੇ ਨਜ਼ਰ ਵੀ ਰੱਖੀ ਜਾ ਰਹੀ ਹੈ।
ਟਰੇਨ ਵਿਚ ਸਵਾਰ ਯਾਤਰੀਆਂ ਵਿਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਯਾਤਰੀਆਂ ਨੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਏ।