ਉੱਤਰਾਕਾਸ਼ੀ ’ਚ ਬਰਫ਼ ਦਾ ਤੂਫ਼ਾਨ: 5 ਹੋਰ ਲਾਸ਼ਾਂ ਬਰਾਮਦ, ਖਰਾਬ ਮੌਸਮ ਬਚਾਅ ਮੁਹਿੰਮ ’ਚ ਬਣਿਆ ਰੁਕਾਵਟ
Monday, Oct 10, 2022 - 12:50 PM (IST)
ਉੱਤਰਾਕਾਸ਼ੀ- ਉੱਤਰਾਖੰਡ ’ਚ ਦ੍ਰੌਪਦੀ ਦਾ ਡਾਂਡਾ ਚੋਟੀ ਨੇੜੇ ਆਏ ਬਰਫ਼ ਦੇ ਤੂਫ਼ਾਨ ’ਚ ਮਾਰੇ ਗਏ 5 ਹੋਰ ਲੋਕਾਂ ਦੀਆਂ ਲਾਸ਼ਾਂ ਸੋਮਵਾਰ ਨੂੰ ਮਾਤਲੀ ’ਚ ਭਾਰਤ ਤਿੱਬਤ ਸਰਹੱਦ ਪੁਲਸ (ITBP) ਦੇ ਕੈਂਪ ’ਚ ਲਿਆਂਦਾ ਗਿਆ। ਲਗਾਤਾਰ ਬਰਫ਼ਬਾਰੀ ਪੈਣ ਕਾਰਨ ਦੋ ਲਾਪਤਾ ਪਰਬਤਾਰੋਹੀਆਂ ਦਾ ਪਤਾ ਲਾਉਣ ਦਾ ਕੋਸ਼ਿਸ਼ ’ਚ ਰੁਕਾਵਟ ਪੈਦਾ ਹੋ ਰਹੀ ਹੈ। ਉੱਤਰਾਕਾਸ਼ੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਭਿਸ਼ੇਕ ਰੂਹੇਲਾ ਨੇ ਦੱਸਿਆ ਕਿ ਸੋਮਵਾਰ ਨੂੰ 5 ਹੋਰ ਲਾਸ਼ਾਂ ਮਿਲਣ ਨਾਲ ਹੀ ਹੁਣ ਤੱਕ ਮਿਲੀਆਂ ਲਾਸ਼ਾਂ ਦੀ ਗਿਣਤੀ 26 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਨਹਿਰੂ ਪਰਬਤਾਰੋਹਣ ਸੰਸਥਾ (NIM) ਦੇ 29 ਪਰਬਤਾਰੋਹੀ ਚੜ੍ਹਾਈ ਮਗਰੋਂ ਪਰਤਦੇ ਸਮੇਂ 4 ਅਕਤੂਬਰ ਨੂੰ 17,000 ਫੁੱਟ ਦੀ ਉੱਚਾਈ ’ਤੇ ਦ੍ਰੌਪਦੀ ਦਾ ਡਾਂਡਾ-ਦੂਜੀ ਚੋਟੀ ’ਤੇ ਬਰਫ਼ ਦੇ ਤੂਫ਼ਾਨ ਦੀ ਲਪੇਟ ’ਚ ਆ ਗਏ ਸਨ। ਉਸੇ ਦਿਨ ਸੂਬਾ ਆਫ਼ਤ ਰਾਹਤ ਬਲ, ਭਾਰਤ-ਤਿੱਬਤ ਸਰਹੱਦ ਪੁਲਸ, ਫ਼ੌਜ ਅਤੇ ਭਾਰਤੀ ਹਵਾਈ ਫ਼ੌਜ ਨੇ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਸੀ, ਜੋ ਹੁਣ ਵੀ ਚੱਲ ਰਹੀ ਹੈ।
ਓਧਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਬਰਫ਼ ਦੇ ਤੂਫ਼ਾਨ ਕਾਰਨ ਪ੍ਰਭਾਵਿਤ ਖੇਤਰ ’ਚ ਲਗਾਤਾਰ ਬਰਫ਼ਬਾਰੀ ਤੋਂ ਖੋਜ ਮੁਹਿੰਮ ’ਚ ਰੁਕਾਵਟ ਪੈਦਾ ਹੋ ਰਹੀ ਹੈ। ਖਰਾਬ ਮੌਸਮ ਦੇ ਬਾਵਜੂਦ ਦੋ ਲਾਪਤਾ ਪਰਬਤਾਰੋਹੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਜਲਦੀ ਹੀ ਮੁਹਿੰਮ ਖ਼ਤਮ ਹੋਣ ਦੀ ਉਮੀਦ ਹੈ।