ਦੇਹਰਾਦੂਨ 'ਚ ਵੱਡਾ ਹਾਦਸਾ; ਤੇਜ਼ ਮੀਂਹ ਕਾਰਨ ਢਹਿ-ਢੇਰੀ ਹੋਇਆ ਮਕਾਨ, 3 ਦੀ ਮੌਤ

Wednesday, Jul 15, 2020 - 10:31 AM (IST)

ਦੇਹਰਾਦੂਨ 'ਚ ਵੱਡਾ ਹਾਦਸਾ; ਤੇਜ਼ ਮੀਂਹ ਕਾਰਨ ਢਹਿ-ਢੇਰੀ ਹੋਇਆ ਮਕਾਨ, 3 ਦੀ ਮੌਤ

ਉੱਤਰਾਖੰਡ— ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਚੁਕਖੁਵਾਲਾ ਇਲਾਕੇ ਵਿਚ ਇਕ ਮਕਾਨ ਢਹਿ ਗਿਆ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਸੂਬਾ ਆਫ਼ਤ ਪ੍ਰਤੀਕਿਰਿਆ ਬਲ (ਐੱਸ. ਡੀ. ਆਰ. ਐੱਫ.) ਦੀ ਟੀਮ ਬਚਾਅ ਕੰਮ 'ਚ ਜੁੱਟ ਗਈ। ਉਨ੍ਹਾਂ ਨੇ 6 ਲੋਕਾਂ ਨੂੰ ਬਾਹਰ ਕੱਢਿਆ ਹੈ, ਇਨ੍ਹਾਂ 'ਚੋਂ 3 ਦੀ ਮੌਤ ਹੋ ਗਈ, ਜਦਕਿ 3 ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਖਦਸ਼ਾ ਹੈ ਕਿ ਅਜੇ ਵੀ ਕਈ ਲੋਕ ਮਲਬੇ ਹੇਠਾਂ ਦੱਬੇ ਹਨ, ਜਿਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮੰਗਲਵਾਰ ਦੇਰ ਰਾਤ ਤੇਜ਼ ਮੀਂਹ ਕਾਰਨ ਵਾਪਰਿਆ।  ਮਕਾਨ ਢਹਿਣ ਨਾਲ ਘਰ ਵਿਚ ਸੌਂ ਰਹੇ ਪਰਿਵਾਰ ਦੇ ਸਾਰੇ ਮੈਂਬਰ ਮਲਬੇ ਹੇਠਾਂ ਦੱਬੇ ਗਏ। 

PunjabKesari

ਘਟਨਾ ਦੀ ਸੂਚਨਾ ਮਿਲਦੇ ਹੀ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐੱਨ. ਡੀ. ਆਰ. ਐੱਫ.) ਦੀ ਟੀਮ ਮੌਕੇ 'ਤੇ ਪੁੱਜੀ। ਉਨ੍ਹਾਂ ਨੇ ਸਥਾਨਕ ਐੱਸ. ਡੀ. ਆਰ. ਐੱਫ. ਅਤੇ ਪੁਲਸ ਨਾਲ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। 3 ਲੋਕਾਂ ਨੂੰ ਜਿਊਂਦਾ ਬਚਾਇਆ ਅਤੇ 3 ਲਾਸ਼ਾਂ ਨੂੰ ਕੱਢਿਆ ਗਿਆ ਹੈ।

PunjabKesari

ਐੱਨ. ਡੀ. ਆਰ. ਐੱਫ. ਦੇ ਡਾਇਰੈਕਟਰ ਜਨਰਲ ਸੱਤਿਆ ਪ੍ਰਧਾਨ ਨੇ ਇਹ ਜਾਣਕਾਰੀ ਦਿੱਤੀ। ਬਚਾਅ ਮੁਹਿੰਮ ਅਜੇ ਜਾਰੀ ਹੈ। ਹਾਦਸੇ ਮਗਰੋਂ ਮੌਕੇ 'ਤੇ ਆਈ.ਜੀ. ਅਭਿਨਵ ਕੁਮਾਰ, ਡੀ. ਆਈ. ਜੀ. ਅਰੁਣਾ ਮੋਹਨ ਜੋਸ਼ੀ, ਡੀ. ਐੱਮ. ਆਸ਼ੀਸ਼ ਸ਼੍ਰੀਵਾਸਤਵ ਸਮੇਤ ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਜੂਦ ਹਨ। ਮੀਂਹ ਦੇ ਸ਼ੁਰੂਆਤੀ ਦੌਰ ਵਿਚ ਦੇਹਰਾਦੂਨ 'ਚ ਇਹ ਵੱਡਾ ਹਾਦਸਾ ਹੈ। ਦੋ ਸਾਲ ਪਹਿਲਾਂ ਵੀ ਇਸੇ ਖੇਤਰ ਨੇੜੇ ਮਕਾਨ ਢਹਿ ਜਾਣ ਨਾਲ ਲੋਕਾਂ ਦੀ ਮੌਤ ਹੋ ਗਈ ਸੀ। ਇਕ ਵਾਰ ਫਿਰ ਹਾਦਸੇ ਕਾਰਨ ਆਲੇ-ਦੁਆਲੇ ਦੇ ਲੋਕ ਸਦਮੇ ਵਿਚ ਹਨ।

PunjabKesari


author

Tanu

Content Editor

Related News