''ਭਾਰਤ ਦੀਆਂ ਚਿੰਤਾਵਾਂ ਨੂੰ ਨਹੀਂ ਸਮਝਦਾ ਅਮਰੀਕਾ'', ਅੱਤਵਾਦ ’ਤੇ ਬੋਲੇ ਜੈਸ਼ੰਕਰ

Tuesday, Sep 29, 2026 - 09:33 PM (IST)

''ਭਾਰਤ ਦੀਆਂ ਚਿੰਤਾਵਾਂ ਨੂੰ ਨਹੀਂ ਸਮਝਦਾ ਅਮਰੀਕਾ'', ਅੱਤਵਾਦ ’ਤੇ ਬੋਲੇ ਜੈਸ਼ੰਕਰ

ਨਿਊਯਾਰਕ,  (ਇੰਟ.)-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ ਨਾਲ ਰਿਸ਼ਤਿਆਂ ਨੂੰ ਲੈ ਕੇ ਕਿਹਾ ਕਿ ਉਹ ਅੱਤਵਾਦ ’ਤੇ ਭਾਰਤ ਦੀ ਚਿੰਤਾ ਨਹੀਂ ਸਮਝਦਾ ਹੈ। ਇਸ ਦਾ ਅਸਰ ਰਿਸ਼ਤਿਆਂ ’ਤੇ ਪੈਂਦਾ ਹੈ। ਉਨ੍ਹਾਂ ਸੋਮਵਾਰ ਨੂੰ ਨਿਊਯਾਰਕ ’ਚ ‘ਏਸ਼ੀਆ ਸੋਸਾਇਟੀ’ ਦੇ ਇਕ ਪ੍ਰੋਗਰਾਮ ’ਚ ਕਿਹਾ ਕਿ ਭਾਰਤ ਨੇ ਕਈ ਦਹਾਕਿਆਂ ਤੱਕ ਆਪਣੇ ਗੁਆਂਢੀ ਦੇਸ਼ ਵੱਲੋਂ ਅੱਤਵਾਦ ਦਾ ਸਾਹਮਣਾ ਕੀਤਾ ਹੈ। ਜੇਕਰ ਅਮਰੀਕਾ ਨੂੰ ਇਸ ਦੀ ਗੰਭੀਰਤਾ ਸਮਝ ਨਹੀਂ ਆਉਂਦੀ, ਤਾਂ ਰਿਸ਼ਤਿਆਂ ’ਤੇ ਅਸਰ ਪੈਂਦਾ ਹੈ। ਜੈਸ਼ੰਕਰ ਨੇ ਚੀਨ ਅਤੇ ਅਮਰੀਕਾ ਵਿਚਾਲੇ ਵਧ ਰਹੀ ਦੋਸਤੀ ਬਾਰੇ ਕਿਹਾ ਕਿ ਹੁਣ ਅਮਰੀਕਾ ਇਕੋ ਸਮੇਂ ਰੂਸ, ਯੂਕ੍ਰੇਨ ਅਤੇ ਚੀਨ ਵਰਗੇ ਦੇਸ਼ਾਂ ਨਾਲ ਸਬੰਧ ਸੁਧਾਰ ਰਿਹਾ ਹੈ। ਹੁਣ ਉਹ ਭਾਰਤ ਦਾ ਡਿਪਲੋਮੇਸੀ ਮਾਡਲ ਅਪਣਾ ਰਿਹਾ ਹੈ। ਪਹਿਲਾਂ ਭਾਰਤ ਦੀ ਇਸੇ ਨੀਤੀ ਨੂੰ ਲੈ ਕੇ ਅਮਰੀਕਾ ’ਚ ਆਲੋਚਨਾ ਕੀਤੀ ਜਾਂਦੀ ਸੀ।

ਅੱਤਵਾਦ ’ਤੇ ਅਮਰੀਕਾ ਨੂੰ ਕੀਤਾ ਬੇਨਕਾਬ
ਵਿਦੇਸ਼ ਮੰਤਰੀ ਨੇ ਬੇਝਿਜਕ ਅਸਲ ਸਥਿਤੀ ਸਾਹਮਣੇ ਰੱਖ ਦਿੱਤੀ ਅਤੇ ਦੱਸ ਦਿੱਤਾ ਕਿ ਅਸਲ ’ਚ ਦਿੱਕਤ ਕਿੱਥੇ ਆ ਰਹੀ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚ ਚੱਲ ਰਹੀ ਟ੍ਰੇਡ ਡੀਲ ਦੀ ਚਰਚਾ ’ਤੇ ਗੱਲ ਕੀਤੀ ਅਤੇ ਭਾਰਤੀਆਂ ਦੇ ਅਮਰੀਕਾ ਜਾਣ ਦਾ ਮੁੱਦਾ ਵੀ ਉਠਾਇਆ ਪਰ ਬਿਨਾਂ ਕਿਸੇ ਝਿਜਕ ਦੇ ਅੱਤਵਾਦ ’ਤੇ ਅਮਰੀਕਾ ਦਾ ਦੋਮੂੰਹਾ ਚਿਹਰਾ ਵੀ ਉਜਾਗਰ ਕਰ ਦਿੱਤਾ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਲਈ ਅੱਤਵਾਦ ਦਾ ਮੁੱਦਾ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ, ਜਿਸ ਨੂੰ ਦਹਾਕਿਆਂ ਤੋਂ ਕਿਸੇ ਗੁਆਂਢੀ (ਪਾਕਿਸਤਾਨ) ਦੀ ਸੋਚੀ-ਸਮਝੀ ਅਤੇ ਜਾਣ-ਬੁੱਝ ਕੇ ਅਪਣਾਈ ਗਈ ਨੀਤੀ ਕਾਰਨ ਅੱਤਵਾਦ ਦਾ ਸਾਹਮਣਾ ਕਰਨਾ ਪਿਆ ਹੋਵੇ, ਜਿਵੇਂ ਅਸੀਂ ਕੀਤਾ ਹੈ।

ਅਮਰੀਕਾ ਨੇ ਖੁਦ ਆਪਣੇ ਬਦਲ ਰੱਖੇ ਸਨ ਖੁੱਲ੍ਹੇ
ਡਾ. ਜੈਸ਼ੰਕਰ ਨੇ ਇਸ ਦੌਰਾਨ ਕਿਹਾ, ‘ਅਮਰੀਕਾ ’ਚ ਇਕ ਸਮੇਂ ਅਜਿਹੀ ਸੋਚ ਸੀ ਕਿ ਉਨ੍ਹਾਂ ਨੂੰ ਭਾਰਤ ਦੇ ਕੋਲ ਬਹੁਤ ਸਾਰੇ ਬਦਲ ਪਸੰਦ ਨਹੀਂ ਸਨ। ਅਮਰੀਕੀ ਚਾਹੁੰਦੇ ਸਨ ਕਿ ਭਾਰਤ ਸਾਡੇ ਨਾਲ ਸਬੰਧਾਂ ’ਤੇ ਧਿਆਨ ਦੇਵੇ, ਜਦਕਿ ਅਮਰੀਕਾ ਨੇ ਖੁਦ ਆਪਣੇ ਲਈ ਬਦਲ ਖੁੱਲ੍ਹੇ ਰੱਖੇ ਸਨ। ਅੱਜ ਉਹ ਸਭ ਖਤਮ ਹੋ ਗਿਆ ਹੈ। ਹੁਣ ਦੁਨੀਆ ਦੇ ਦੇਸ਼ ਖੁੱਲ੍ਹ ਕੇ ਇਕ-ਦੂਜੇ ਨਾਲ ਗੱਲ ਕਰ ਰਹੇ ਹਨ।’ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਅਮਰੀਕਾ ਨੇ ਵਪਾਰ ਦਾ ਇਕ ਨਵਾਂ ਤਰੀਕਾ ਅਪਣਾਇਆ ਹੈ। ਇਹ ਤਰੀਕਾ ਵਨ-ਟੂ-ਵਨ ਡੀਲ ਹੈ ਮਤਲਬ ਹਰ ਚੀਜ਼ ’ਤੇ ਫਿਰ ਤੋਂ ਗੱਲਬਾਤ। ਹਰ ਕੋਈ ਖੁੱਲ੍ਹ ਕੇ ਇਕ-ਦੂਜੇ ਨਾਲ ਡੀਲ ਕਰ ਰਿਹਾ ਹੈ। ਵਿਦੇਸ਼ ਮੰਤਰੀ ਨੇ ਇਸ ਦੌਰਾਨ ਸਾਫ਼ ਕਿਹਾ ਕਿ ਅਸੀਂ ਅੱਜ ਮਲਟੀਪੋਲੈਰਿਟੀ (ਜਿੱਖੇ ਕੋਈ ਇਕ ਦੇਸ਼ ਇਕੱਲਾ ਪੂਰੀ ਦੁਨੀਆ ’ਤੇ ਆਪਣੀ ਮਰਜ਼ੀ ਨਹੀਂ ਠੋਸ ਸਕਦਾ) ਵੱਲ ਵਧ ਰਹੇ ਹਾਂ।

ਕਿਵੇਂ ਸੁਧਰਨਗੇ ਭਾਰਤ-ਅਮਰੀਕਾ ਸਬੰਧ
ਭਾਰਤ-ਅਮਰੀਕਾ ਸਬੰਧਾਂ ਅਤੇ ਟੈਰਿਫ ’ਤੇ ਮਤਭੇਦਾਂ ਵਿਚਾਲੇ ਭਾਈਵਾਲੀ ਨੂੰ ਬਿਹਤਰ ਕਰਨ ਦੇ ਤਰੀਕੇ ਬਾਰੇ ਹੋਏ ਸਵਾਲ ’ਤੇ ਜੈਸ਼ੰਕਰ ਨੇ ਕਿਹਾ ਕਿ ਇਨ੍ਹਾਂ ਰਿਸ਼ਤਿਆਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਕ ਮੁੱਦਾ ਦੋਵਾਂ ਦੇਸ਼ਾਂ ਦੀ ਸੰਵੇਦਨਸ਼ੀਲਤਾ ਨਾਲ ਜੁੜਿਆ ਹੈ। ਭਾਰਤ ਲਈ ਅੱਤਵਾਦ ਦਾ ਮੁੱਦਾ ਬਹੁਤ ਅਹਿਮ ਹੈ। ਭਾਰਤ ਨੂੰ ਦਹਾਕਿਆਂ ਤੋਂ ਗੁਆਂਢੀ ਦੇਸ਼ ਦੀ ਸੋਚੀ-ਸਮਝੀ ਨੀਤੀ ਤਹਿਤ ਅੱਤਵਾਦ ਦਾ ਸਾਹਮਣਾ ਕਰਨਾ ਪਿਆ ਹੈ। ਜੈਸ਼ੰਕਰ ਨੇ ਕਿਹਾ ਕਿ ਭਾਰਤ ਚਾਹੁੰਦਾ ਹੈ ਕਿ ਅਮਰੀਕਾ ਨਾਲ ਉਸ ਦੇ ਸਬੰਧ ਉੱਚਾਈ ਵੱਲ ਵਧਣ। ਅਸੀਂ ਨਿਸ਼ਚਿਤ ਤੌਰ ’ਤੇ ਉਮੀਦ ਕਰਦੇ ਹਾਂ ਕਿ ਰਿਸ਼ਤੇ ਉੱਚਾਈ ਵੱਲ ਵਧਣਗੇ ਪਰ ਸਾਨੂੰ ਉਨ੍ਹਾਂ ਮੁੱਦਿਆਂ ਬਾਰੇ ਯਥਾਰਥਵਾਦੀ ਹੋਣਾ ਪਵੇਗਾ, ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਜੇਕਰ ਅਸੀਂ ਇਨ੍ਹਾਂ ਵਿਚੋਂ ਕੁਝ ਮੁੱਦਿਆਂ ’ਤੇ ਅੱਗੇ ਵਧ ਸਕਦੇ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਰਿਸ਼ਤੇ ਬਿਹਤਰ ਹੋਣਗੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

Shubam Kumar

Content Editor

Related News