ਪਾਕਿ ਨੂੰ ਖੰਜਰ ਵਾਂਗ ਚੁੱਭੇ ਅਮਰੀਕੀ ਉਪ ਵਿਦੇਸ਼ ਮੰਤਰੀ ਦੇ ਬਿਆਨ, ਬੁੱਧੀਜੀਵੀ ਬੋਲੇ ਕਿਉਂ ਅਸੀਂ ਖੁਦ ਨੂੰ ਵਿਛਾ ਦਿੰਦੇ ਹਾਂ?

Wednesday, Oct 13, 2021 - 09:23 PM (IST)

ਨਵੀਂ ਦਿੱਲੀ - ਅਮਰੀਕੀ ਉਪ ਵਿਦੇਸ਼ ਮੰਤਰੀ ਵੇਂਡੀ ਸ਼ਰਮਨ ਦੇ ਦੌਰੇ ਤੋਂ ਬਾਅਦ ਪਾਕਿਸਤਾਨ ਦੇ ਸਿਆਸੀ ਗਲਿਆਰਿਆਂ ਵਿਚ ਖਾਸਾ ਹੌਲਾ ਮਚਿਆ ਹੋਇਆ ਹੈ। ਦਰਅਸਲ, ਪਾਕਿਸਤਾਨ ਦੌਰੇ ਤੋਂ ਪਹਿਲਾਂ ਵੇਂਡੀ ਸ਼ਰਮਨ 5 ਅਤੇ 6 ਅਕਤੂਬਰ ਨੂੰ ਭਾਰਤ ਦੇ ਦੌਰੇ ’ਤੇ ਸਨ ਅਤੇ ਇਸ ਦੌਰਾਨ ਉਨ੍ਹਾਂ ਵਲੋਂ ਦਿੱਤੇ ਗਏ ਬਿਆਨ ਪਾਕਿਸਤਾਨ ਦੀ ਛਾਤੀ ’ਚ ਖੰਜਰ ਵਾਂਗ ਤਾਂ ਚੁੱਭ ਹੀ ਗਏ, ਨਾਲ ਹੀ ਉਥੋਂ ਦੇ ਬੁੱਧੀਜੀਵੀਆਂ ਨੇ ਪਾਕਿਸਤਾਨ ਸਰਕਾਰ ਦੇ ਅਮਰੀਕਾ ਲਈ ਇਕਪਾਸੜ ਗਰਮਜੋਸ਼ੀ ਦਿਖਾਉਣ ’ਤੇ ਇਤਰਾਜ਼ ਪ੍ਰਗਟਾਇਆ।

ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਰਹੇ ਅਬਦੁੱਲ ਬਾਸਿਤ ਨੇ ਕਿਹਾ ਕਿ ਭਾਰਤ ਵਿਚ ਵੇਂਡੀ ਸ਼ਰਮਨ ਦੀ ਅਧਿਕਾਰਕ ਗੱਲਬਾਤ ਵਿਦੇਸ਼ ਸਕੱਤਰ ਹਰਸ਼ ਸ਼੍ਰਿੰਗਲਾ ਨਾਲ ਹੋਈ, ਫਿਰ ਉਨ੍ਹਾਂ ਨੇ ਸੁਰੱਖਿਆ ਸਲਾਹਕਾਰ ਨਾਲ ਫੋਨ ’ਤੇ ਗੱਲ ਕੀਤੀ, ਪਰ ਪਾਕਿਸਤਾਨ ਵਿਚ ਸਾਡੇ ਵਲੋਂ ਮੁਲਾਕਾਤ ਦਾ ਪੱਧਰ ਵਧ ਜਾਂਦਾ ਹੈ। ਇਥੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕੀ ਉਪ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਉਂ ਅਸੀਂ ਆਪਣੇ-ਆਪ ਨੂੰ ਵਿਛਾ ਦਿੰਦੇ ਹਨ? ਸਾਨੂੰ ਪ੍ਰੋਟੋਕਾਲ ਦਾ ਧਿਆਨ ਰੱਖਣਾ ਚਾਹੀਦਾ ਹੈ। 7 ਅਤੇ 8 ਅਕਤੂਬਰ ਨੂੰ ਵੇਂਡੀ ਸ਼ਰਮਨ ਨੇ ਪਾਕਿਸਤਾਨ ਦਾ ਦੌਰਾ ਪੂਰਾ ਕੀਤਾ ਸੀ।

ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਵਿਆਪਕ ਸਬੰਧ ਨਹੀਂ
ਵੇਂਡੀ ਸ਼ਰਮਨ ਨੇ ਆਪਣੇ ਭਾਰਤ ਦੌਰੇ ਦੌਰਾਨ ਕਿਹਾ ਸੀ ਕਿ ਅਸੀਂ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਵਿਆਪਕ ਸਬੰਧ ਨਹੀਂ ਦੇਖਦੇ ਹਨ ਅਤੇ ਭਾਰਤ ਅਤੇ ਪਾਕਿਸਤਾਨ ਨੂੰ ਜੋੜਕੇ ਦੇਖਣ ਦੇ ਪੁਰਾਣੇ ਦਿਨਾਂ ’ਚ ਪਰਤਣ ਦਾ ਸਾਡਾ ਕੋਈ ਇਰਾਦਾ ਨਹੀਂ ਹੈ। ਅਸੀਂ ਉਸ ਪਾਸੇ ਨਹੀਂ ਜਾ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਅਮਰੀਕਾ ਨਾਲ ਚੰਗੇ ਸਬੰਧਾਂ ਦੀ ਉਮੀਦ ਲਗਾਏ ਬੈਠੇ ਪਾਕਿ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਸੀ ਕਿ ਪਾਕਿਸਤਾਨ ਅਮਰੀਕਾ ਦੇ ਨਾਲ ਵਿਆਪਕ ਅਤੇ ਦੂਰਦਰਸ਼ੀ ਸਬੰਧ ਚਾਹੁੰਦਾ ਹੈ ਜੋ ਸਿਰਫ ਅਫਗਾਨਿਸਤਾਨ ਦੇ ਮਸਲੇ ਤੱਕ ਹੀ ਸੀਮਤ ਨਾ ਹੋਣ। ਪਾਕਿਸਤਾਨ ਆਉਣ ਤੋਂ ਪਹਿਲਾਂ ਹੀ ਵੇਂਡੀ ਸ਼ਰਮਨ ਦੇ ਸਬੰਧਾਂ ਨੂੰ ਸੀਮਤ ਕਰਨ ਵਾਲੀ ਗੱਲ ਨੂੰ ਪਾਕਿਸਤਾਨ ਵਿਚ ਗੈਰ-ਡਿਪਲੋਮੈਟ ਦੱਸਿਆ ਜਾ ਰਿਹਾ ਹੈ ਅਤੇ ਇਸਨੂੰ ਲੈ ਕੇ ਨਾਰਾਜ਼ਗੀ ਵੀ ਪ੍ਰਗਟ ਕਰ ਰਿਹਾ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਜਿਸ ਤਰ੍ਹਾਂ ਅਮਰੀਕਾ ਨੂੰ ਅਹਿਮੀਅਤ ਦਿੱਤੀ, ਅਮਰੀਕਾ ਦਾ ਵਿਵਹਾਰ ਉਸਦੇ ਮੁਤਾਬਕ ਨਹੀਂ ਰਿਹਾ। ਜਦਕਿ ਵੇਂਡੀ ਸ਼ਰਮਨ ਨੇ ਜ਼ੋਰ ਦਿੱਤਾ ਸੀ ਕਿ ਅਫਗਾਨਿਸਤਾਨ ਉਨ੍ਹਾਂ ਦੀ ਮੁੱਖ ਚਿੰਤਾ ਹੈ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਕੀ ਚਲ ਰਿਹਾ ਹੈ ਇਹ ਸਾਨੂੰ ਜਾਣਨ ਦੀ ਲੋੜ ਹੈ। ਤਾਲਿਬਾਨ ਨੂੰ ਲੈ ਕੇ ਸਾਡੀ ਸੋਚ ਇਕ ਹੋਣੀ ਚਾਹੀਦੀ ਹੈ।

ਭਾਰਤ ਸਮੇਤ ਸਾਰਿਆਂ ਦੀ ਸੁਰੱਖਿਆ ਕਰਨ ਦੀ ਲੋੜ
ਵੇਂਡੀ ਨੇ ਕਿਹਾ ਕਿ ਸਾਨੂੰ ਸਾਰਿਆਂ ਦੀ ਸੁਰੱਖਿਆ ਯਕੀਨੀ ਕਰਨ ਦੀ ਲੋੜ ਹੈ ਜਿਸ ਵਿਚ ਭਾਰਤ ਵੀ ਸ਼ਾਮਲ ਹਨ। ਇਸ ਲਈ ਮੈਂ ਵਿਦੇਸ਼ ਮੰਤਰੀ ਐਂਟੀ ਬਲਿੰਕਨ ਦੀ ਗੱਲਬਾਤ ਜਾਰੀ ਰੱਖਦੇ ਹੋਏ ਕੁਝ ਬਹੁਤ ਖਾਸ ਗੱਲਬਾਤ ਕਰਨ ਜਾ ਰਹੀ ਹਾਂ। ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਰਹੇ ਅਬਦੁੱਲ ਬਾਸਿਤ ਨੇ ਵੀ ਵੇਂਡੀ ਸ਼ਰਮਨ ਦੇ ਬਿਆਨ ’ਤੇ ਇਤਰਾਜ਼ ਪ੍ਰਗਟਾਇਆ ਹੈ।

ਅਬਦੁੱਲ ਬਾਸਿਤ ਨੇ ਇਕ ਵੀਡੀਓ ਵਿਚ ਕਿਹਾ ਕਿ ਵੇਂਡੀ ਸ਼ਰਮਨ ਨੇ ਇਕ ਅਜੀਬ ਅਤੇ ਗੈਰ-ਜ਼ਰੂਰੀ ਗੱਲ ਕਹਿ ਦਿੱਤੀ ਕਿ ਪਾਕਿਸਤਾਨ ਨਾਲ ਸਾਡੇ ਸਬੰਧ ਜ਼ਮੀਨੀ ਕਿਸਮ ਦੇ ਹਨ, ਅਸੀਂ ਉਨ੍ਹਾਂ ਨੂੰ ਵਧਾਉਣਾ ਵੀ ਨਹੀਂ ਚਾਹੁੰਦੇ ਅਤੇ ਨਾ ਉਹ ਵਧ ਸਕਦੇ। ਉਨ੍ਹਾਂ ਨਾਲ ਮਾਮਲਾ ਅਫਗਾਨਿਸਤਾਨ ਦੀ ਹੱਦ ਤੱਕ ਹੀ ਹੈ। ਭਾਰਤ ਅਤੇ ਪਾਕਿਸਤਾਨ ਦਾ ਕੋਈ ਮੁਕਾਬਲਾ ਨਹੀਂ ਹੈ। ਅਬਦੁੱਲ ਬਾਸਿਤ ਨੇ ਕਿਹਾ ਕਿ ਉਹ ਵਿਦੇਸ਼ ਮੰਤਰਾਲਾ ਦੀ ਨੰਬਰ ਦੋ ਹਨ ਤਾਂ ਉਨ੍ਹਾਂ ਤੋਂ ਪਾਕਿਸਤਾਨ ਆਉਣ ਤੋਂ ਪਹਿਲਾਂ ਅਜਿਹੇ ਬਿਆਨ ਦੇਣ ਦੀ ਉਮੀਦ ਨਹੀਂ ਹੈ। ਜੇਕਰ ਸਬੰਧ ਵਿਚ ਸਮੱਸਿਆ ਹੋਵੇ ਜਾਂ ਉਨੇ ਬਿਹਤਰ ਨਾ ਹੋਣ ਤਾਂ ਵੀ ਉਸਨੂੰ ਸਰੇਆਮ ਨਹੀਂ ਕਹਿੰਦੇ ਹਨ। ਕੋਸ਼ਿਸ਼ ਤਾਂ ਇਹੋ ਹੋਣੀ ਚਾਹੀਦੀ ਕਿ ਸਬੰਧਾਂ ਵਿਚ ਵਾਧਾ ਹੋਵੇ। ਇਸਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

ਬੁਨੀਆਦੀ ਕਾਰਨ ਨਾਲ ਹੈ ਪਾਕਿ-ਅਮਰੀਕਾ ਦੇ ਸਬੰਧ
ਅਬਦੁੱਲ ਬਾਸਿਤ ਨੇ ਇਸਨੂੰ ਲੈ ਕੇ ਪਾਕਿਸਤਾਨ ਦੀ ਸਰਕਾਰ ਨੂੰ ਵੀ ਕਟਘਰੇ ਵਿਚ ਖੜ੍ਹਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਥੋੜ੍ਹੀ ਮਜ਼ਬੂਤ ਸਥਿਤੀ ਵਿਚ ਹੋਣਾ ਚਾਹੀਦਾ ਸੀ ਪਰ ਅਸੀਂ ਦਬਾਅ ਵਿਚ ਹਾਂ। ਉਸਦਾ ਬੁਨੀਆਦੀ ਕਾਰਨ ਸਾਡੇ ਅਮਰੀਕਾ ਦੇ ਨਾਲ ਸਬੰਧ ਵੀ ਹਨ, ਨਾਲ ਹੀ ਆਰਥਿਕ ਸਮੱਸਿਆ ਵੀ ਆਪਮੀ ਥਾਂ ਇਕ ਹਕੀਕਤ ਹੈ। ਹਾਲਾਂਕਿ ਮੁਲਾਕਾਤ ਤੋਂ ਬਾਅਦ ਵੇਂਡੀ ਸ਼ਰਮਨ ਨੇ ਟਵੀਟ ਕੀਤਾ, ‘‘ਅਫਗਾਨਿਸਤਾਨ ਦੇ ਭਵਿੱਖ ਅਤੇ ਅਮਰੀਕਾ-ਪਾਕਿਸਤਾਨ ਦੇ ਅਹਿਮ ਅਤੇ ਲੰਬੇ ਸਮੇਂ ਤੋਂ ਚਲ ਰਹੇ ਸਬੰਧਾਂ ’ਤੇ ਚਰਚਾ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਮਿਲੀ।

ਅਸੀਂ ਖੇਤਰੀ ਅਤੇ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਲਗਾਤਾਰ ਕੋਸ਼ੀ ਕਰਨੀ ਚਾਹੁੰਦੇ ਹਾਂ। ਵੇਂਡੀ ਸ਼ਰਮਨ ਨੇ ਇਹ ਵੀ ਕਿਹਾ ਕਿ ਮੈਂ ਉਪ ਵਿਦੇਸ਼ ਮੰਤਰੀ ਅਹੁਦੇ ਸੰਭਾਲਣ ਤੋਂ ਬਾਅਦ ਪਾਕਿਸਤਾਨ ਵਿਚ ਆਪਣੀ ਪਹਿਲੀ ਯਾਤਰਾ ਸਬੰਧੀ ਖੁਸ਼ ਹਾਂ। ਅਮਰੀਕਾ ਅਤੇ ਪਾਕਿਸਤਾਨ ਦੇ ਅਹਿਮ ਅਤੇ ਲੰਬੇ ਸਮੇਂ ਤੋਂ ਦੋ-ਪੱਖੀ ਸਬੰਧ ਰਹੇ ਹਨ। ਅਸੀਂ ਤਾਲਿਬਾਨ ਦੀ ਉਸਦੀਆਂ ਵਚਬੱਧਤਾਵਾਂ ਲਈ ਜ਼ਿੰਮੇਵਾਰੀ ਤੈਅ ਕਰਨ ਸਬੰਧੀ ਚਰਚਾ ਕੀਤੀ।

ਨੋਟ -ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News