ਕਸ਼ਮੀਰ ''ਚ ਮਨੁੱਖੀ ਅਧਿਕਾਰ ਉਲੰਘਣ ਦੀ ਨਿੰਦਾ ਲਈ ਅਮਰੀਕੀ ਕਾਂਗਰਸ ''ਚ ਪ੍ਰਸਤਾਵ ਪੇਸ਼
Saturday, Nov 23, 2019 - 01:57 AM (IST)

ਵਾਸ਼ਿੰਗਟਨ - ਅਮਰੀਕੀ ਸੰਸਦ ਨੇ ਕਸ਼ਮੀਰ ਮੁੱਦੇ 'ਤੇ ਪ੍ਰਤੀਨਿਧੀ ਸਭਾ 'ਚ ਇਕ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ 'ਚ ਜੰਮੂ ਕਸ਼ਮੀਰ 'ਚ ਕਥਿਤ ਮਨੁੱਖੀ ਅਧਿਕਾਰ ਉਲੰਘਣ ਦੀ ਨਿੰਦਾ ਕਰਦੇ ਹੋਏ ਭਾਰਤ-ਪਾਕਿਸਤਾਨ ਦੇ ਵਿਵਾਦਤ ਖੇਤਰ 'ਚ ਵਿਵਾਦ ਹੱਲ ਕਰਨ ਲਈ ਬਲ ਦੀ ਵਰਤੋਂ ਤੋਂ ਬਚਣ ਦੀ ਮੰਗ ਕੀਤੀ ਗਈ ਹੈ। ਕਾਂਗਰਸ ਮੈਂਬਰ ਰਸ਼ੀਦਾ ਤਲਾਇਬ ਨੇ ਇਹ ਪ੍ਰਸਤਾਵ ਦਿੱਤਾ ਹੈ। ਸਦਨ 'ਚ ਵੀਰਵਾਰ ਨੂੰ ਪੇਸ਼ ਪ੍ਰਸਤਾਵ ਗਿਣਤੀ 724 'ਚ ਭਾਰਤ ਅਤੇ ਪਾਕਿਸਤਾਨ ਨੇ ਤਣਾਅ ਘੱਟ ਕਰਨ ਲਈ ਗੱਲਬਾਤ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਭਾਰਤ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ-370 ਦੇ ਜ਼ਿਆਦਾਤਰ ਪ੍ਰਾਵਧਾਨਾਂ ਨੂੰ ਖਤਮ ਕਰਨ ਦੇ ਨਾਲ ਹੀ ਰਾਜ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡਣ ਦਾ ਫੈਸਲਾ ਲਿਆ ਸੀ, ਜਿਸ 'ਤੇ ਪਾਕਿਸਤਾਨ ਨੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਨਾਲ ਕੂਟਨੀਤਕ ਸਬੰਧ ਸੀਮਤ ਕਰ ਲਏ ਸਨ। ਪ੍ਰਤੀਨਿਧੀ ਸਭਾ 'ਚ ਪੇਸ਼ ਪ੍ਰਸਤਾਵ ਦਾ ਸਿਰਲੇਖ ਹੈ, 'ਜੰਮੂ ਕਸ਼ਮੀਰ 'ਚ ਹੋ ਰਹੇ ਮਨੁੱਖੀ ਅਧਿਕਾਰ ਉਲੰਘਣ ਦੀ ਨਿੰਦਾ ਅਤੇ ਕਸ਼ਮੀਰੀਆਂ ਦੇ ਸਵੈ-ਫੈਸਲੇ ਨੂੰ ਸਮਰਥਨ।' ਅਜੇ ਇਸ ਪ੍ਰਸਤਾਵ ਦਾ ਕੋਈ ਸਹਿ-ਪ੍ਰਾਯੋਜਕ ਨਹੀਂ ਹੈ ਅਤੇ ਇਸ ਨੂੰ ਸਦਨ ਦੀ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਨੂੰ ਅੱਗੇ ਦੀ ਕਾਰਵਾਈ ਲਈ ਭੇਜਿਆ ਜਾਵੇਗਾ।