ਉਨਾਵ ਰੇਪ : ਪੀੜਤਾ ਦਾ ਭਰਾ ਬੋਲਿਆ- ''ਦੋਸ਼ੀਆਂ ਨੂੰ ਫਾਂਸੀ ''ਤੇ ਲਟਕਾ ਦਿਉ''

12/07/2019 11:10:14 AM

ਨਵੀਂ ਦਿੱਲੀ (ਭਾਸ਼ਾ)— ਉਨਾਵ ਰੇਪ ਪੀੜਤਾ ਆਖਰਕਾਰ ਜ਼ਿੰਦਗੀ ਦੀ ਜੰਗ ਹਾਰ ਗਈ ਅਤੇ ਸ਼ੁੱਕਰਵਾਰ ਰਾਤ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਪੀੜਤਾ ਦੇ ਭਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਦੀ ਭੈਣ ਨੂੰ ਉਦੋਂ ਇਨਸਾਫ ਮਿਲੇਗਾ, ਉਸ ਨਾਲ ਦਰਿੰਦਗੀ ਕਰਨ ਵਾਲੇ ਉਨ੍ਹਾਂ ਸਾਰੇ ਦੋਸ਼ੀਆਂ ਦਾ ਵੀ ਉਹ ਹੀ ਹਸ਼ਰ ਹੋਵੇ, ਜੋ ਉਸ ਦੀ ਭੈਣ ਨੇ ਝੱਲਿਆ। ਪੀੜਤਾ ਦੇ ਭਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ ਮੈਨੂੰ ਮਿੰਨਤਾਂ ਕੀਤੀਆਂ ਕਿ ਭਰਾ ਮੈਨੂੰ ਬਚਾ ਲਵੋ। ਮੈਂ ਬਹੁਤ ਦੁਖੀ ਹਾਂ ਕਿ ਮੈਂ ਉਸ ਨੂੰ ਬਚਾ ਨਹੀਂ ਸਕਿਆ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ 'ਚ ਸ਼ਾਮਲ ਲੋਕਾਂ ਨੂੰ ਜਾਂ ਤਾਂ ਮੁਕਾਬਲੇ ਵਿਚ ਮਾਰਿਆ ਜਾਵੇ ਜਾਂ ਫਾਂਸੀ 'ਤੇ ਲਟਕਾ ਦਿੱਤਾ ਜਾਵੇ। ਉਨ੍ਹਾਂ ਨੂੰ ਜਿਊਣ ਦਾ ਕੋਈ ਹੱਕ ਨਹੀਂ ਹੈ। ਭਰਾ ਨੇ ਅੱਗੇ ਕਿਹਾ ਕਿ ਅਸੀਂ ਇੱਥੋਂ ਬਿਹਾਰ ਜਾਵਾਂਗੇ। ਦੋਸ਼ੀਆਂ ਨੇ ਪਹਿਲਾਂ ਹੀ ਉਸ ਨੂੰ ਸਾੜ ਦਿੱਤਾ ਹੈ ਅਤੇ ਹੁਣ ਅਸੀਂ ਉਸ ਨੂੰ ਦਫਨਾਵਾਂਗੇ।

ਜ਼ਿਕਰਯੋਗ ਹੈ ਕਿ ਉਨਾਵ ਦੀ 23 ਸਾਲਾ ਰੇਪ ਪੀੜਤਾ ਨੂੰ 5 ਲੋਕਾਂ ਵਲੋਂ ਵੀਰਵਾਰ ਨੂੰ ਅੱਗ ਲਾ ਦਿੱਤੀ ਸੀ। ਚਸ਼ਮਦੀਦਾਂ ਮੁਤਾਬਕ ਸਾੜਨ ਦੇ ਬਾਵਜੂਦ ਪੀੜਤਾ ਨੇ ਹਿੰਮਤ ਦਿਖਾਈ ਅਤੇ ਕਰੀਬ 1 ਕਿਲੋਮੀਟਰ ਦੂਰ ਤਕ ਚੱਲ ਕੇ ਗਈ। ਉਸ ਨੇ ਖੁਦ ਹੀ ਪੁਲਸ ਨੂੰ ਮਦਦ ਲਈ ਗੁਹਾਰ ਲਾਈ। 90 ਫੀਸਦੀ ਸੜੀ ਹਾਲਤ ਵਿਚ ਪੀੜਤਾ ਨੂੰ ਉਨਾਵ ਤੋਂ ਲਖਨਊ ਰੈਫਰ ਕਰ ਦਿੱਤਾ ਗਿਆ, ਜਿੱਥੋਂ ਉਸ ਨੂੰ ਬਿਹਤਰ ਇਲਾਜ ਲਈ ਵੀਰਵਾਰ ਦੇਰ ਰਾਤ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਸੀ। ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਡਾਕਟਰਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਜਿਹੀ ਸਥਿਤੀ ਵਿਚ ਬਚਣ ਦੀ ਉਮੀਦ ਘੱਟ ਹੈ। ਸ਼ੁੱਕਰਵਾਰ ਰਾਤ 11.40 ਵਜੇ ਉਸ ਨੇ ਦਮ ਤੋੜ ਦਿੱਤਾ। ਪੀੜਤਾ ਨੇ ਦੋਸ਼ ਲਾਇਆ ਸੀ ਕਿ ਸ਼ਿਵਮ ਅਤੇ ਸ਼ੁਭਮ ਨੇ ਦਸੰਬਰ 2018 'ਚ ਅਗਵਾ ਕਰ ਕੇ ਉਸ ਨਾਲ ਰੇਪ ਕੀਤਾ ਸੀ। ਹਾਲਾਂਕਿ ਇਸ ਘਟਨਾ ਦੇ ਸੰਬੰਧ ਵਿਚ ਐੱਫ. ਆਈ. ਆਰ. ਮਾਰਚ 'ਚ ਦਰਜ ਕੀਤੀ ਗਈ ਸੀ।


Tanu

Content Editor

Related News