ਦਵਾਰਕਾ ਐਕਸਪ੍ਰੈੱਸਵੇਅ ਤੇ ਵਸੰਤ ਕੁੰਜ ਵਿਚਕਾਰ 6 ਲੇਨ ਵਾਲੀ ਸੁਰੰਗ ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ
Wednesday, Jul 01, 2026 - 04:50 PM (IST)
ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਦਿੱਲੀ ਵਿਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਇੱਕ ਵੱਡੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤਹਿਤ ਦਵਾਰਕਾ ਐਕਸਪ੍ਰੈੱਸਵੇਅ ਨੂੰ ਵਸੰਤ ਕੁੰਜ ਸਥਿਤ ਨੇਲਸਨ ਮੰਡੇਲਾ ਮਾਰਗ ਨਾਲ ਜੋੜਨ ਲਈ 6,969.67 ਕਰੋੜ ਰੁਪਏ ਦੀ ਲਾਗਤ ਵਾਲੀ ਛੇ-ਲੇਨ ਦੀ ਸੁਰੰਗ ਬਣਾਈ ਜਾਵੇਗੀ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 8.1 ਕਿਲੋਮੀਟਰ ਲੰਬੀ ਇਹ ਸੜਕ ਸੁਰੰਗ ਹਾਈਬ੍ਰਿਡ ਐਨੂਟੀ ਮਾਡਲ (HAM) ਅਧੀਨ ਤਿਆਰ ਕੀਤੀ ਜਾਵੇਗੀ ਤੇ ਇਸ ਨੂੰ ਪੰਜ ਸਾਲਾਂ 'ਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇਹ ਪ੍ਰੋਜੈਕਟ ਪੱਛਮੀ ਅਤੇ ਦੱਖਣੀ ਦਿੱਲੀ ਵਿਚਕਾਰ ਸੰਪਰਕ ਨੂੰ ਹੋਰ ਮਜ਼ਬੂਤ ਕਰੇਗਾ। ਇਸ ਨਾਲ ਗੁਰੂਗ੍ਰਾਮ, ਦਵਾਰਕਾ, ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡਾ ਅਤੇ ਪੱਛਮੀ ਦਿੱਲੀ ਤੋਂ ਦੱਖਣੀ ਦਿੱਲੀ ਵੱਲ ਜਾਣ ਵਾਲੀ ਆਵਾਜਾਈ ਕਾਫੀ ਸੁਗਮ ਹੋ ਜਾਵੇਗੀ। ਇਹ ਸੁਰੰਗ ਸ਼ਿਵ ਮੂਰਤੀ ਇੰਟਰਚੇਂਜ ਤੋਂ ਸ਼ੁਰੂ ਹੋ ਕੇ ਨੇਲਸਨ ਮੰਡੇਲਾ ਮਾਰਗ ਅਤੇ ਮਹੀਪਾਲਪੁਰ-ਛਤਰਪੁਰ ਰੋਡ ਦੇ ਚੌਰਾਹੇ ਤੋਂ ਪਹਿਲਾਂ ਸਮਾਪਤ ਹੋਵੇਗੀ।
ਸਰਕਾਰੀ ਬਿਆਨ ਅਨੁਸਾਰ, ਇਸ ਸੁਰੰਗ ਦਾ 1.98 ਕਿਲੋਮੀਟਰ ਲੰਬਾ ਹਿੱਸਾ ਸਦਰਨ ਰਿਜ ਫੋਰੈਸਟ (ਜੰਗਲੀ ਖੇਤਰ) ਦੇ ਹੇਠਾਂ ਤੋਂ ਗੁਜ਼ਰੇਗਾ। ਜ਼ਮੀਨਦੋਜ਼ ਟਵਿਨ-ਟਿਊਬ ਸੁਰੰਗ ਹੋਣ ਕਾਰਨ ਉੱਪਰਲੀ ਸਤ੍ਹਾ 'ਤੇ ਕੋਈ ਰੁਕਾਵਟ ਨਹੀਂ ਆਵੇਗੀ, ਜਿਸ ਨਾਲ ਰਿਜ ਖੇਤਰ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇਗੀ। ਇਸ ਤੋਂ ਇਲਾਵਾ, ਮਹੀਪਾਲਪੁਰ-ਛਤਰਪੁਰ ਰੋਡ 'ਤੇ ਟ੍ਰੈਫਿਕ ਦਾ ਦਬਾਅ ਘਟਾਉਣ ਲਈ ਨੇਲਸਨ ਮੰਡੇਲਾ ਮਾਰਗ ਦੇ ਨਾਲ 1.8 ਕਿਲੋਮੀਟਰ ਲੰਬੀ ਐਲੀਵੇਟਿਡ ਸੜਕ ਅਤੇ ਇੱਕ ਵਾਧੂ ਫਲਾਈਓਵਰ ਵੀ ਬਣਾਇਆ ਜਾਵੇਗਾ।
ਇਸ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਨਾਲ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਅਨੁਮਾਨ ਹੈ ਕਿ ਇਸ ਪ੍ਰੋਜੈਕਟ ਨਾਲ ਲਗਭਗ 7.54 ਲੱਖ ਮਨੁੱਖੀ ਦਿਹਾੜੀਆਂ ਦਾ ਪ੍ਰਤੱਖ ਰੁਜ਼ਗਾਰ ਅਤੇ 9.80 ਲੱਖ ਮਨੁੱਖੀ ਦਿਹਾੜੀਆਂ ਦਾ ਅਪ੍ਰਤੱਖ ਰੁਜ਼ਗਾਰ ਪੈਦਾ ਹੋਵੇਗਾ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਇੱਕ ਐਲੀਵੇਟਿਡ ਕੋਰੀਡੋਰ ਬਣਾਉਣ ਦਾ ਵੀ ਪ੍ਰਸਤਾਵ ਕਰ ਰਹੀ ਹੈ ਜੋ ਇਸ ਸੁਰੰਗ ਨੂੰ ਬਾਰਾਪੁਲਾ ਐਲੀਵੇਟਿਡ ਰੋਡ ਨਾਲ ਜੋੜੇਗਾ, ਜਿਸ ਨਾਲ ਪੂਰਬੀ ਦਿੱਲੀ, ਗਾਜ਼ੀਆਬਾਦ ਅਤੇ ਨੋਇਡਾ ਤੱਕ ਪਹੁੰਚਣਾ ਹੋਰ ਵੀ ਆਸਾਨ ਹੋ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
