ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਿੱਖਾਂ ਦਾ ਕੋਈ ਹੋਰ ਗੁਰੂ ਨਹੀਂ : ਫੈੱਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ UK
Monday, Apr 06, 2026 - 07:04 PM (IST)
ਲੰਡਨ (ਸਰਬਜੀਤ ਸਿੰਘ ਬਨੂੜ) : ਜੁੱਗੋ-ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਿੱਖਾਂ ਦੇ ਸਦੀਵੀ ਗੁਰੂ ਹਨ। ਕੋਈ ਵੀ ਦੇਹਧਾਰੀ ਮਨੁੱਖ ਸਿੱਖਾਂ ਦਾ ਗੁਰੂ ਨਹੀਂ ਹੋ ਸਕਦਾ। ਫੈੱਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਆਖਿਆ ਕਿ “ਧਾਰਮਿਕ ਪੁਸਤਕ” ਜਾਂ “ਧਾਰਮਿਕ ਗ੍ਰੰਥ” ਸ਼ਬਦ ਕਿਸੇ ਵੀ ਲਿਖੀ ਹੋਈ ਧਾਰਮਿਕ ਸਮੱਗਰੀ ਦੇ ਸਮੂਹ ਲਈ ਵਰਤੇ ਜਾ ਸਕਦੇ ਹਨ, ਪਰ ਦੁਨੀਆ ਭਰ ਵਿੱਚ ਗੁਰੂ ਦਾ ਦਰਜਾ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪ੍ਰਾਪਤ ਹੈ, ਜੋ ਰਹਿੰਦੀ ਦੁਨੀਆ ਤੱਕ ਕਾਇਮ ਰਹੇਗਾ। ਉਨ੍ਹਾਂ ਨਾਮਧਾਰੀ ਸੰਪਰਦਾ ਦੇ ਮੁਖੀ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ “ਧਾਰਮਿਕ ਪੁਸਤਕ” ਕਹਿਣ ਤੇ ਸਖ਼ਤ ਇਤਰਾਜ਼ ਜਤਾਇਆ ਗਿਆ।
ਫੈੱਡਰੇਸ਼ਨ ਦੇ ਬੁਲਾਰਿਆਂ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿੱਚ ਸਿੱਖ ਜਗਤ ਨੂੰ ਹੁਕਮ ਕੀਤਾ ਕਿ ਉਨ੍ਹਾਂ ਤੋਂ ਬਾਅਦ ਕੋਈ ਵੀ ਮਨੁੱਖ ਗੁਰੂ ਨਹੀਂ ਹੋਵੇਗਾ ਅਤੇ ਗੁਰਤਾ ਗੱਦੀ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪੀ ਗਈ। ਗੁਰੂ ਸਾਹਿਬ ਦੇ ਇਸ ਹੁਕਮ ਨੇ ਸਿੱਖ ਧਰਮ ਨੂੰ ਇੱਕ ਅਟੱਲ ਦਿਸ਼ਾ ਦਿੱਤੀ ਅਤੇ ਗੁਰੂ ਦੀ ਪਰਿਭਾਸ਼ਾ ਨੂੰ ਸਦਾ ਲਈ ਗੁਰਬਾਣੀ ਨਾਲ ਜੋੜ ਦਿੱਤਾ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖੀ ਜੀਵਨ ਦਾ ਸੰਪੂਰਨ ਮਾਰਗਦਰਸ਼ਕ ਹਨ। ਇਸ ਵਿੱਚ ਸਿੱਖ ਗੁਰੂਆਂ ਦੀ ਬਾਣੀ ਦੇ ਨਾਲ-ਨਾਲ ਭਗਤਾਂ ਅਤੇ ਸੰਤਾਂ ਦੀ ਬਾਣੀ ਵੀ ਦਰਜ ਹੈ, ਜੋ ਮਨੁੱਖਤਾ ਨੂੰ ਨਿਮਰਤਾ, ਸੇਵਾ ਅਤੇ ਵਾਹਿਗੁਰੂ ਨਾਲ ਜੋੜਨ ਦਾ ਸਹੀ ਰਾਹ ਦਿਖਾਉਂਦੀ ਹੈ।
ਉਨ੍ਹਾਂ ਕਿਹਾ ਕਿ ਸਿੱਖੀ ਸਾਨੂੰ ਕਿਸੇ ਵਿਅਕਤੀ ਦੀ ਅੰਧ-ਭਗਤੀ ਕਰਨ ਦੀ ਸਿੱਖਿਆ ਨਹੀਂ ਦਿੰਦੀ ਜੇ ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਦੱਸਦਾ ਹੈ ਜਾਂ ਗੁਰੂ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ ਸਿੱਖ ਮਰਯਾਦਾ ਦੇ ਖਿਲਾਫ ਹੈ। ਸਿੱਖ ਧਰਮ ਵਿੱਚ ਸਾਰੇ ਮਨੁੱਖ ਬਰਾਬਰ ਹਨ; ਕੋਈ ਵੀ ਵਿਅਕਤੀ ਉੱਚਾ ਜਾਂ ਨੀਵਾਂ ਨਹੀਂ ਪਰ ਗੁਰੂ ਦਾ ਦਰਜਾ ਸਿਰਫ ਅਤੇ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਹੈ।
