Uber ਡਰਾਈਵਰਾਂ ਨੂੰ EV ਅਪਣਾਉਣ ਦੀ ਸਲਾਹ, ਕੇਂਦਰੀ ਮੰਤਰੀ ਨੇ ਦਿੱਤਾ ਵੱਡਾ ਬਿਆਨ

Tuesday, May 12, 2026 - 10:42 PM (IST)

Uber ਡਰਾਈਵਰਾਂ ਨੂੰ EV ਅਪਣਾਉਣ ਦੀ ਸਲਾਹ, ਕੇਂਦਰੀ ਮੰਤਰੀ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ : ਕੇਂਦਰ ਸਰਕਾਰ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ (EV) ਦੀ ਵਰਤੋਂ ਨੂੰ ਤੇਜ਼ੀ ਨਾਲ ਵਧਾਉਣ 'ਤੇ ਜ਼ੋਰ ਦੇ ਰਹੀ ਹੈ। ਇਸੇ ਤਹਿਤ ਕੇਂਦਰੀ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਈਡ-ਹੇਲਿੰਗ ਕੰਪਨੀ ਉਬਰ (Uber) ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਡਰਾਈਵਰਾਂ ਅਤੇ ਵਾਹਨ ਮਾਲਕਾਂ ਨੂੰ ਇਲੈਕਟ੍ਰਿਕ ਵਾਹਨ ਅਪਣਾਉਣ ਵਿੱਚ ਸਹਾਇਤਾ ਪ੍ਰਦਾਨ ਕਰੇ।

ਨਵੀਂ ਦਿੱਲੀ ਵਿਖੇ ਕ੍ਰਿਸ਼ੀ ਭਵਨ ਵਿੱਚ ਉਬਰ ਦੇ ਸੀਈਓ ਦਾਰਾ ਖੋਸਰੋਸ਼ਾਹੀ ਨਾਲ ਹੋਈ ਇੱਕ ਅਹਿਮ ਬੈਠਕ ਦੌਰਾਨ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਇਹ ਕਦਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਕਲੀਨ ਐਂਡ ਗ੍ਰੀਨ ਮੋਬਿਲਿਟੀ ਮਿਸ਼ਨ' ਦਾ ਇੱਕ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਬਰ ਦੁਨੀਆ ਦੇ ਸਭ ਤੋਂ ਵੱਡੇ ਨੈੱਟਵਰਕਾਂ ਵਿੱਚੋਂ ਇੱਕ ਹੈ, ਇਸ ਲਈ ਕੰਪਨੀ ਨੂੰ ਆਪਣੇ ਡਰਾਈਵਰਾਂ ਨੂੰ ਈਵੀ (EV) ਵੱਲ ਲਿਜਾਣ ਲਈ ਪਹਿਲ ਕਰਨੀ ਚਾਹੀਦੀ ਹੈ ਤਾਂ ਜੋ ਸਵੱਛ ਆਵਾਜਾਈ ਨੂੰ ਹੁਲਾਰਾ ਮਿਲ ਸਕੇ।

ਮੰਤਰੀ ਨੇ ਵਾਹਨਾਂ ਦੀ ਚਾਰਜਿੰਗ ਲਈ ਰੂਫਟੌਪ ਸੋਲਰ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਅਤੇ ਇਸ ਨੂੰ ਡਰਾਈਵਰਾਂ ਲਈ ਸਸਤਾ ਅਤੇ ਲਾਹੇਵੰਦ ਦੱਸਿਆ। ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨਾਲ ਡਰਾਈਵਰਾਂ ਦੇ ਰੋਜ਼ਾਨਾ ਦੇ ਖਰਚੇ ਵਿੱਚ ਵੱਡੀ ਕਮੀ ਆਵੇਗੀ।

ਬੈਠਕ ਦੌਰਾਨ ਗਾਹਕਾਂ ਨਾਲ ਜੁੜੇ ਮੁੱਦਿਆਂ 'ਤੇ ਵੀ ਵਿਸ਼ੇਸ਼ ਚਰਚਾ ਕੀਤੀ ਗਈ। ਕੇਂਦਰੀ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਲਈ ਉਪਭੋਗਤਾਵਾਂ ਦੇ ਹਿੱਤ ਸਭ ਤੋਂ ਉੱਪਰ ਹਨ। ਉਨ੍ਹਾਂ ਨੇ ਉਬਰ ਨੂੰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਆਪਣੀਆਂ ਸਾਰੀਆਂ ਪ੍ਰਕਿਰਿਆਵਾਂ ਦਾ ਸੈਲਫ-ਆਡਿਟ ਕਰਨ ਲਈ ਕਿਹਾ ਹੈ। ਕੰਪਨੀ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਹੈ ਅਤੇ ਭਰੋਸਾ ਦਿੱਤਾ ਹੈ ਕਿ ਉਹ ਆਡਿਟ ਤੋਂ ਬਾਅਦ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ।


author

Inder Prajapati

Content Editor

Related News