ਜਿੱਥੇ ਸਾਈਕਲ ਚਲਾਉਣ ਦੀ ਵੀ ਮਨਾਹੀ, ਉੱਥੇ ਦੌੜੇ ਟਰੱਕ, ਵੀਡੀਓ ਵਾਇਰਲ

Saturday, Nov 30, 2024 - 05:15 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਰਿਜ ਮੈਦਾਨ ਵਿਚ ਟੈਂਕ ਦੇ ਹਿੱਸੇ 'ਤੇ ਟਰੱਕ ਦੌੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਦਿਨ ਭਰ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੁੰਦੇ ਰਹੇ। ਇਸ ਨੂੰ ਲੈ ਕੇ ਸ਼ਿਮਲਾ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਟਿਕੇਂਦਰ ਪੰਵਾਰ ਨੇ ਇਸ ਸਬੰਧ ਵਿਚ ਸ਼ਿਮਲਾ ਦੇ ਪੁਲਸ ਸੁਪਰਡੈਂਟ ਨੂੰ ਲਿਖਤੀ ਸ਼ਿਕਾਇਤ ਕਰਨ ਅਤੇ FIR ਦਰਜ ਕਰਨ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਰਿਜ ਮੈਦਾਨ ਦੇ ਟੈਂਕ ਵਾਲੇ ਹਿੱਸੇ 'ਚ ਕਿਸੇ ਵੀ ਤਰ੍ਹਾਂ ਦੇ ਵਾਹਨ ਨੂੰ ਲੈ ਕੇ ਜਾਣ ਦੀ ਪਾਬੰਦੀ ਹੈ, ਇੱਥੋਂ ਤੱਕ ਕਿ ਸਾਈਕਲ ਚਲਾਉਣ ਦੀ ਵੀ ਮਨਾਹੀ ਹੈ।

ਉੱਥੇ ਹੀ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਇੱਥੇ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਦੇ ਆਯੋਜਨ ਦੀ ਮਨਾਹੀ ਕੀਤੀ ਹੈ। ਇਸ ਦੇ ਬਾਵਜੂਦ ਰਿਜ 'ਤੇ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਜਾ ਰਿਹਾ ਸੀ। ਟਿਕੇਂਦਰ ਪੰਵਾਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਸ਼ਹਿਰ ਵਾਸੀਆਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾਇਆ ਜਾ ਰਿਹਾ ਹੈ। 

 

ਡਿਪਟੀ ਮੇਅਰ ਨੇ ਪੂਰੇ ਮਾਮਲੇ ਵਿਚ ਟਰੱਕ ਮਾਲਕਾਂ ਅਤੇ ਟਰੱਕਾਂ ਨੂੰ ਰਿਜ ਵਿਚ ਐਂਟਰੀ ਦੇਣ ਦੀ ਇਜਾਜ਼ਤ ਦੇਣ ਵਾਲੇ ਪੁਲਸ ਅਧਿਕਾਰੀਆਂ, ਜ਼ਿਲ੍ਹਾ ਪ੍ਰਸ਼ਾਸਨ ਸਮੇਤ ਪ੍ਰਦੇਸ਼ ਦੇ ਸਬੰਧਤ ਅਧਿਕਾਰੀਆਂ ਖਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸ਼ਿਮਲਾ ਪੁਲਸ ਨੇ ਇਸ ਸਬੰਧ 'ਚ ਕੋਈ ਉੱਚਿਤ ਕਾਰਵਾਈ ਨਹੀਂ ਕੀਤੀ ਤਾਂ ਮਾਮਲੇ ਨੂੰ ਲੈ ਕੇ ਪ੍ਰਦੇਸ਼ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਦੱਸ ਦੇਈਏ ਕਿ ਰਿਜ 'ਤੇ ਬਣੇ ਟੈਂਕ 'ਤੇ 4.5 MLD ਲੀਟਰ ਪਾਣੀ ਦੀ ਸਮਰੱਥਾ ਹੈ ਅਤੇ ਜੇਕਰ ਇਸ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਇਹ ਸ਼ਹਿਰ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।


Tanu

Content Editor

Related News