ਨੀਂਦ ਨਾ ਆਉਣ ਦੀ ਬੀਮਾਰੀ ਦਾ ਛੇਤੀ ਮਿਲੇਗਾ ਇਲਾਜ

04/11/2019 10:41:33 AM

ਨਵੀਂ ਦਿੱਲੀ, (ਏਜੰਸੀਆਂ)– ਕਈ ਲੋਕਾਂ ਨੂੰ ਛੇਤੀ ਨੀਂਦ ਨਹੀਂ ਆਉਂਦੀ। ਰਾਤ ਭਰ ਬਿਸਤਰੇ 'ਤੇ ਪਾਸੇ ਲੈਣ ਤੋਂ ਬਾਅਦ ਵੀ ਨੀਂਦ ਨਾ ਆਉਣ ਕਾਰਨ ਦੁਨੀਆਭਰ 'ਚ ਕਰੋੜਾਂ ਲੋਕ ਪ੍ਰੇਸ਼ਾਨ ਹਨ।
ਇਕ ਹਾਲ ਹੀ ਦੀ ਖੋਜ ਮੁਤਾਬਕ ਨੀਂਦ ਨਾ ਆਉਣ ਦੀ ਬੀਮਾਰੀ ਜੱਦੀ ਹੈ ਅਤੇ ਇਹ ਜੀਨ ਕਾਰਨ ਹੁੰਦਾ ਹੈ। 85 ਹਜ਼ਾਰ ਲੋਕਾਂ ਦੇ ਡੀ. ਐੱਨ. ਏ. ਦੀ ਜਾਂਚ ਦੌਰਾਨ 47 ਅਜਿਹੇ ਡੀ. ਐੱਨ. ਏ. ਦੀ ਖੋਜ ਕੀਤੀ ਗਈ ਹੈ, ਜੋ ਦੱਸ ਸਕਦਾ ਹੈ ਕਿ ਤੁਸੀਂ ਕਿੰਨੀ ਛੇਤੀ ਸੌਂ ਜਾਓਗੇ ਜਾਂ ਕਿੰਨੀ ਦੇਰ ਤੱਕ ਜਾਗਦੇ ਰਹੋਗੇ। ਇਨ੍ਹਾਂ 'ਚ 36 ਜੀਨ ਅਜਿਹੇ ਪਾਏ ਗਏ ਹਨ, ਜੋ ਪਹਿਲਾਂ ਕਦੀ ਨਹੀਂ ਲੱਭੇ ਗਏ ਸਨ।
ਯੂਨੀਵਰਸਿਟੀ ਆਫ ਐਕਸਵਟਰ 'ਚ ਕੀਤੀ ਗਈ ਖੋਜ ਨਾਲ ਨੀਂਦ ਨਾ ਆਉਣ ਵਾਲੀ ਬੀਮਾਰੀ ਦਾ ਇਲਾਜ ਲੱਭਿਆ ਜਾ ਸਕੇਗਾ। ਖੋਜਕਾਰ ਐਂਡ੍ਰਿਊ ਵੁਡ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਆਰਾਮ ਨਾਲ ਸੌਣ ਨਾਲ ਸਾਡੀ ਸਿਹਤ ਅਤੇ ਜ਼ਿੰਦਗੀ ਠੀਕ ਰਹਿੰਦੀ ਹੈ। ਹਾਲਾਂਕਿ ਅਸੀਂ ਹੁਣ ਵੀ ਇਹ ਨਹੀਂ ਜਾਣਦੇ ਕਿ ਸਾਡੇ ਸਰੀਰ ਦੇ ਅੰਦਰ ਮੌਜੂਦ ਕਿਹੜੀ ਵਿਵਸਥਾ ਨੀਂਦ ਦੀ ਗੁਣਵੱਤਾ ਨੂੰ ਕੰਟਰੋਲ ਕਰਦੀ ਹੈ।
ਨੀਂਦ ਦੀ ਗੁਣਵੱਤਾ, ਸਮਾਂ ਅਤੇ ਮਾਤਰਾ 'ਚ ਕਮੀ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਿਵੇਂ ਸ਼ੂਗਰ, ਮੋਟਾਪਾ ਅਤੇ ਮਾਨਸਿਕ ਬੀਮਾਰੀਆਂ ਹੋ ਸਕਦੀਆਂ ਹਨ। ਰਸਾਲੇ ਨੇਚਰ ਕਮਿਊਨੀਕੇਸ਼ਨ 'ਚ ਪ੍ਰਕਾਸ਼ਿਤ ਖੋਜ ਮੁਤਾਬਕ ਨੀਂਦ ਦੀ ਕਮੀ ਨਾਲ ਸਬੰਧਤ ਜੀਨ ਮਿਲਣ ਨਾਲ ਇਸ ਦਾ ਸਹੀ ਇਲਾਜ ਲੱਭਣ 'ਚ ਮਦਦ ਮਿਲ ਸਕਦੀ ਹੈ।