ਕੇਂਦਰ ਸਰਕਾਰ ਦਾ ਟਰਾਂਸਜੈਂਡਰਾਂ ਲਈ ਵੱਡਾ ਤੋਹਫ਼ਾ, ‘ਆਯੂਸ਼ਮਾਨ’ ਸਕੀਮ ਦਾ ਮਿਲੇਗਾ ਲਾਭ
Thursday, Aug 25, 2022 - 04:56 PM (IST)
ਨਵੀਂ ਦਿੱਲੀ– ਟਰਾਂਸਜੈਂਡਰ ਭਾਈਚਾਰੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਜਲਦ ਹੀ ਟਰਾਂਸਜੈਂਡਰ ਮੁਫ਼ਤ ਲਿੰਗ ਪਰਿਵਰਤਨ ਕਰਵਾ ਸਕਣਗੇ। ਅਜੇ ਦੇਸ਼ ਦੇ ਕਿਸੇ ਵੀ ਹਸਪਤਾਲ ’ਚ ਇਹ ਸਰਜਰੀ ਮੁਫ਼ਤ ਨਹੀਂ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਟਰਾਂਸਜੈਂਡਰ ਭਾਈਚਾਰੇ ਨਾਲ ਜੁੜੇ ਲੋਕਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਦੇਣ ਦਾ ਐਲਾਨ ਕੀਤਾ ਹੈ।
ਇਸ ਦੌਰਾਨ ਰਾਸ਼ਟਰੀ ਸਿਹਤ ਅਥਾਰਟੀ (NHA) ਅਤੇ ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ ਵਿਚਾਲੇ ਇਕ ਸਮਝੌਤਾ ਮੰਗ ਪੱਤਰ ’ਤੇ ਦਸਤਖ਼ਤ ਵੀ ਹੋਏ ਹਨ। ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਦੱਸਿਆ ਕਿ ਟਰਾਂਸਜੈਂਡਰ ਨੂੰ ਵੀ ਆਯੂਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਤੱਕ ਦੇ ਸਾਲਾਨਾ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਇਸਦੀ ਯੋਗਤਾ ਲਈ ਟ੍ਰਾਂਸਜੈਂਡਰ ਸਰਟੀਫਿਕੇਟ ਲਾਜ਼ਮੀ ਹੈ, ਜੋ ਕਿ ਸਰਕਾਰ ਦੇ ਰਾਸ਼ਟਰੀ ਪੋਰਟਲ ਵਲੋਂ ਜਾਰੀ ਕੀਤਾ ਜਾਂਦਾ ਹੈ।
ਪਰਿਵਾਰ ਦੀ ਪਰਿਭਾਸ਼ਾ ’ਚ ਕੀਤਾ ਬਦਲਾਅ
ਨਵੀਂ ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ 'ਚ ਆਯੋਜਿਤ ਪ੍ਰੋਗਰਾਮ 'ਚ ਡਾ. ਮਾਂਡਵੀਆ ਨੇ ਕਿਹਾ ਕਿ ਆਯੂਸ਼ਮਾਨ ਯੋਜਨਾ ਪਰਿਵਾਰਾਂ ਲਈ ਹੈ ਪਰ ਇਹ ਸਮਾਜ ਪਰਿਵਾਰ ਨਾਲ ਨਹੀਂ ਜੁੜੀ ਹੈ। ਇਸ ਲਈ ਅਸੀਂ ਟਰਾਂਸਜੈਂਡਰ ਸਮਾਜ ਨੂੰ 5 ਲੱਖ ਦਾ ਬੀਮਾ ਦੇਣ ਲਈ ਪਰਿਵਾਰ ਦੀ ਪਰਿਭਾਸ਼ਾ ਬਦਲ ਦਿੱਤੀ ਹੈ। ਦੇਸ਼ ਵਿਚ ਕੁੱਲ 4.80 ਲੱਖ ਟਰਾਂਸਜੈਂਡਰ ਰਜਿਸਟਰਡ ਹਨ।
ਸਿਹਤ ਪੈਕੇਜ ਦਾ ਐਲਾਨ
NHA ਦੇ ਸੀ. ਈ .ਓ ਡਾ. ਆਰ. ਐੱਸ. ਸ਼ਰਮਾ ਨੇ ਦੱਸਿਆ ਕਿ ਟਰਾਂਸਜੈਂਡਰ ਨੂੰ ਆਯੂਸ਼ਮਾਨ ਭਾਰਤ ਦੇ ਮੌਜੂਦਾ 1200 ਤੋਂ ਵੱਧ ਪੈਕੇਜਾਂ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਉਹ ਲਿੰਗ ਪਰਿਵਰਤਨ ਵੀ ਕਰਵਾ ਸਕਣਗੇ। ਇਸ ਸਬੰਧੀ ਸਿਹਤ ਪੈਕੇਜ ਦਾ ਐਲਾਨ ਕੀਤਾ ਜਾਵੇਗਾ, ਇਸ 'ਤੇ ਕੰਮ ਚੱਲ ਰਿਹਾ ਹੈ।