ਬਿਜਨੌਰ ’ਚ ਸ਼ਹੀਦ ਐਕਸਪ੍ਰੈੱਸ ਦੇ ਸਲੀਪਰ ਕੋਚ ’ਚ ਲੱਗੀ ਅੱਗ ! ਯਾਤਰੀਆਂ ''ਚ ਮਚੀ ਹਫੜਾ-ਦਫੜੀ

Sunday, Oct 25, 2026 - 05:12 PM (IST)

ਬਿਜਨੌਰ ’ਚ ਸ਼ਹੀਦ ਐਕਸਪ੍ਰੈੱਸ ਦੇ ਸਲੀਪਰ ਕੋਚ ’ਚ ਲੱਗੀ ਅੱਗ ! ਯਾਤਰੀਆਂ ''ਚ ਮਚੀ ਹਫੜਾ-ਦਫੜੀ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ 'ਚ ਨਗੀਨਾ ਰੇਲਵੇ ਸਟੇਸ਼ਨ ਦੇ ਨੇੜੇ ਸ਼ਹੀਦ ਐਕਸਪ੍ਰੈੱਸ ਦੀ ਸਲੀਪਰ ਬੋਗੀ ਵਿਚੋਂ ਅਚਾਨਕ ਧੂੰਆਂ ਉੱਠਣ ਅਤੇ ਮਾਮੂਲੀ ਅੱਗ ਲੱਗਣ ਨਾਲ ਯਾਤਰੀਆਂ ਵਿਚ ਹਫ਼ੜਾ-ਦਫ਼ੜੀ ਮਚ ਗਈ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।

ਉੱਤਰ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਹਿਮਾਂਸ਼ੂ ਕੁਮਾਰ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਜੈਨਗਰ ਜਾ ਰਹੀ ਸ਼ਹੀਦ ਐਕਸਪ੍ਰੈੱਸ ਸ਼ੁੱਕਰਵਾਰ ਰਾਤ ਕਰੀਬ 11 ਵਜੇ ਜਦੋਂ ਨਗੀਨਾ ਰੇਲਵੇ ਸਟੇਸ਼ਨ ਦੇ ਨੇੜਿਓਂ ਲੰਘ ਰਹੀ ਸੀ, ਤਾਂ ਉਸ ਦੀ ‘ਐੱਸ-6’ ਬੋਗੀ ਵਿਚੋਂ ਅਚਾਨਕ ਧੂੰਆਂ ਉੱਠਣ ਲੱਗਾ ਅਤੇ ਅੱਗ ਦੀਆਂ ਮਾਮੂਲੀ ਲਪਟਾਂ ਦਿਖਾਈ ਦੇਣ ਲੱਗੀਆਂ। ਉਨ੍ਹਾਂ ਦੱਸਿਆ ਕਿ ਨਗੀਨਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਕੋਤਵਾਲੀ ਰੇਲਵੇ ਫਾਟਕ ਦੇ ਨੇੜੇ ਯਾਤਰੀਆਂ ਨੇ ਐਮਰਜੈਂਸੀ ਚੇਨ ਖਿੱਚ ਕੇ ਟ੍ਰੇਨ ਰੋਕ ਦਿੱਤੀ।

ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ। ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਬੋਗੀ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਬੋਗੀ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ।


author

Harpreet SIngh

Content Editor

Related News