ਇਕ ਹੋਰ ਟਰੇਨ ਪਟੜੀ ਤੋਂ ਉਤਰੀ, ਗੁਜਰਾਤ ''ਚ ਵਲਸਾਡ ਅਤੇ ਸੂਰਤ ਸਟੇਸ਼ਨ ਵਿਚਾਲੇ ਵਾਪਰੀ ਘਟਨਾ
Friday, Jul 19, 2024 - 09:31 PM (IST)
ਮੁੰਬਈ — ਗੁਜਰਾਤ ਦੇ ਵਲਸਾਡ ਅਤੇ ਸੂਰਤ ਸਟੇਸ਼ਨਾਂ ਵਿਚਾਲੇ ਸ਼ੁੱਕਰਵਾਰ ਨੂੰ ਇਕ ਮਾਲ ਗੱਡੀ ਦਾ ਡੱਬਾ ਪਟੜੀ ਤੋਂ ਉਤਰ ਗਿਆ। ਫਿਲਹਾਲ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਪੱਛਮੀ ਰੇਲਵੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਕਰੀਬ 3 ਵਜੇ ਡੂੰਗਰੀ ਸਟੇਸ਼ਨ ਨੇੜੇ ਵਾਪਰੀ ਇਸ ਘਟਨਾ ਨਾਲ ਰੂਟ 'ਤੇ ਆਵਾਜਾਈ ਪ੍ਰਭਾਵਿਤ ਹੋਈ। ਉਨ੍ਹਾਂ ਕਿਹਾ ਕਿ ਟ੍ਰੈਕ ਦੀ ਮੁਰੰਮਤ ਸਬੰਧੀ ਸਰਟੀਫਿਕੇਟ ਮਿਲਦੇ ਹੀ ਮੇਨ ਡਾਊਨ ਲਾਈਨ ’ਤੇ ਰੇਲ ਆਵਾਜਾਈ ਮੁੜ ਬਹਾਲ ਕਰ ਦਿੱਤੀ ਜਾਵੇਗੀ। ਇਹ ਮਾਲ ਗੱਡੀ ਪੁਣੇ ਨੇੜੇ ਚਿੰਚਵਾੜ ਤੋਂ ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਪਾਲਨਾ ਜਾ ਰਹੀ ਸੀ। ਮੁੰਬਈ-ਅਹਿਮਦਾਬਾਦ ਟਰੰਕ ਰੂਟ 'ਤੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਇੱਥੇ ਪੱਛਮੀ ਰੇਲਵੇ ਹੈੱਡਕੁਆਰਟਰ 'ਤੇ ਰੇਲਵੇ ਸੁਰੱਖਿਆ ਅਤੇ ਹੋਰ ਮੁੱਦਿਆਂ ਦੀ ਸਮੀਖਿਆ ਕਰ ਰਹੇ ਸਨ।
ਦੱਸ ਦਈਏ ਕਿ ਬੀਤੇ ਦਿਨੀਂ ਇਕ ਹੋਰ ਰੇਲ ਹਾਦਸਾ ਸਾਹਮਣੇ ਆਇਆ ਸੀ, ਜੋ ਉੱਤਰ ਪ੍ਰਦੇਸ਼ ਦੇ ਗੋਂਡਾ ਵਾਪਰਿਆ ਸੀ। ਇਥੇ ਚੰਡੀਗੜ੍ਹ ਤੋਂ ਡਿਬਰੂਗੜ੍ਹ ਜਾ ਰਹੀ ਡਿਬਰੂਗੜ੍ਹ ਐਕਸਪ੍ਰੈਸ (15904) ਦੇ ਕਰੀਬ 10 ਤੋਂ 12 ਡੱਬੇ ਪਟੜੀ ਤੋਂ ਉਤਰ ਗਏ ਸਨ। ਇਸ ਹਾਦਸੇ 'ਚ 4 ਯਾਤਰੀਆਂ ਦੀ ਮੌਤ ਹੋ ਗਈ। ਉਥੇ ਹੀ ਸਰਕਾਰ ਨੇ ਇਸ ਹਾਦਸੇ 'ਤੇ ਦੁੱਖ ਜ਼ਾਹਿਰ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ।