ਮੀਂਹ ਕਾਰਨ 27 ਸੜਕਾਂ ''ਤੇ ਆਵਾਜਾਈ ਠੱਪ

Saturday, Sep 28, 2024 - 03:50 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਮੀਂਹ ਕਾਰਨ ਕੁੱਲ 27 ਸੜਕਾਂ 'ਤੇ ਆਵਾਜਾਈ ਠੱਪ ਹੋ ਗਈ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ 'ਚ ਕੁਝ ਥਾਵਾਂ 'ਤੇ ਮੀਂਹ ਪਿਆ। ਇਸ ਦੇ ਨਾਲ ਨੈਣਾ ਦੇਵੀ 'ਚ ਸਭ ਤੋਂ ਵੱਧ 84.2 ਮਿਲੀਮੀਟਰ ਮੀਂਹ ਪਿਆ। ਇਸ ਤੋਂ ਬਾਅਦ ਰਾਏਪੁਰ ਦੇ ਮੈਦਾਨੀ ਇਲਾਕਿਆਂ 'ਚ 51.2 ਮਿਲੀਮੀਟਰ, ਓਲਿੰਡਾ 'ਚ 28.6 ਮਿਲੀਮੀਟਰ ਅਤੇ ਊਨਾ 'ਚ 23.4 ਮਿਲੀਮੀਟਰ ਮੀਂਹ ਪਿਆ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ  ਮੁਤਾਬਕ  ਕਾਂਗੜਾ 'ਚ ਸਭ ਤੋਂ ਵੱਧ 10 ਸੜਕਾਂ 'ਤੇ ਆਵਾਜਾਈ ਠੱਪ ਹੈ, ਜਦੋਂ ਕਿ ਮੰਡੀ ਅਤੇ ਸਿਰਮੌਰ 'ਚ 7-7, ਕੁੱਲੂ ਵਿਚ ਦੋ ਅਤੇ ਸ਼ਿਮਲਾ ਜ਼ਿਲ੍ਹੇ ਵਿਚ ਇਕ ਸੜਕ ਆਵਾਜਾਈ ਲਈ ਬੰਦ ਹੈ।

ਕੇਂਦਰ ਨੇ ਕਿਹਾ ਕਿ ਸੂਬੇ 'ਚ ਮੀਂਹ ਕਾਰਨ 131 ਬਿਜਲੀ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੇ ਇਸ ਸੀਜ਼ਨ 'ਚ 1 ਜੂਨ ਤੋਂ ਹੁਣ ਤੱਕ 18 ਫੀਸਦੀ ਘੱਟ ਮੀਂਹ ਪਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਔਸਤ 732.1 ਮਿਲੀਮੀਟਰ ਦੇ ਮੁਕਾਬਲੇ 597.9 ਮਿਲੀਮੀਟਰ ਮੀਂਹ ਪਿਆ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ 'ਚ 27 ਜੂਨ ਨੂੰ ਮਾਨਸੂਨ ਦੇ ਆਉਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ 'ਚ 186 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 28 ਲੋਕ ਲਾਪਤਾ ਹਨ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਸੂਬੇ ਨੂੰ 1360 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।


Tanu

Content Editor

Related News