ਕੱਲ ਨੂੰ ਸਕੂਲਾਂ ਵਿਚ ਛੁੱਟੀ, ਸਿੱਖਿਆ ਵਿਭਾਗ ਨੇ ਕੀਤਾ ਐਲਾਨ

Monday, Jul 29, 2024 - 04:59 PM (IST)

ਕੱਲ ਨੂੰ ਸਕੂਲਾਂ ਵਿਚ ਛੁੱਟੀ, ਸਿੱਖਿਆ ਵਿਭਾਗ ਨੇ ਕੀਤਾ ਐਲਾਨ

ਕਸ਼ਮੀਰ : ਦੇਸ਼ ਭਰ ਵਿੱਚ ਜਿਥੇ ਮਾਨਸੂਨ ਕਾਰਨ ਅੱਤਿ ਦੀ ਗਰਮੀ ਤੋਂ ਕੁਝ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ, ਉਥੇ ਹੀ ਦੂਜੇ ਪਾਸੇ ਕਸ਼ਮੀਰ ਵਿੱਚ ਗਰਮੀ ਨੇ ਜ਼ੋਰ ਫੜ੍ਹ ਲਿਆ ਹੈ। ਗਰਮੀ ਨੇ ਜੁਲਾਈ ਮਹੀਨੇ ਦਾ 25 ਸਾਲ ਪੁਰਾਣਾ ਰਿਕਾਰਡ ਵੀ ਤੋੜ ਕੇ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ ਵਘਾਟੀ ਇਸ ਵੇਲੇ ਅਤਿ ਦੀ ਗਰਮੀ ਝੱਲ ਰਹੀ ਹੈ। ਕਸ਼ਮੀਰ ਦੀਆਂ ਕਈਆਂ ਥਾਵਾਂ 'ਤੇ ਐਤਵਾਰ ਨੂੰ ਹੀ ਪਾਰਾ 25 ਸਾਲ ਪੁਰਾਣਾ ਰਿਕਾਰਡ ਤੋੜ ਗਿਆ ਹੈ ਅਤੇ ਹੁਣ ਤਕ ਦਾ ਜੁਲਾਈ ਦਾ ਸਭ ਤੋਂ ਵੱਧ ਤਾਪਮਾਨ ਇਥੇ ਦਰਜ਼ ਕੀਤਾ ਗਿਆ ਹੈ। 

ਐਨੀ ਗਰਮੀ ਨੂੰ ਵੇਖਦੇ ਹੋਏ ਸੂਬੇ ਦੇ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।  ਕਸ਼ਮੀਰ ਸਕੂਲ ਵਿਭਾਗ ਨੇ ਅੱਤ ਦੀ ਗਰਮੀ ਕਾਰਨ ਭਲਕੇ 30 ਜੁਲਾਈ ਨੂੰ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਸ਼੍ਰੀਨਗਰ ਸ਼ਹਿਰ ‘ਚ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 9 ਜੁਲਾਈ 1999 ਤੋਂ ਬਾਅਦ ਇਹ ਸਭ ਤੋਂ ਗਰਮ ਜੁਲਾਈ ਦਾ ਦਿਨ ਸੀ, ਜਦੋਂ ਪਾਰਾ 37 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।

ਕਈ ਸਾਲਾਂ ਦਾ ਟੁੱਟਿਆ ਰਿਕਾਰਡ

ਘਾਟੀ ਵਿਚ ਪੈ ਰਹੀ ਅੱਤ ਦੀ ਗਰਮੀ ਰਿਕਾਰਡ ਤੋੜ ਰਹੀ ਹੈ।  ਜੇਕਰ ਗੱਲ ਕਰੀਏ 1946 ਦੀ ਤਾਂ ਉਸ ਵੇਲੇ ਜੁਲਾਈ ਦਾ ਸਭ ਤੋਂ ਗਰਮ ਦਿਨ 10 ਜੁਲਾਈ ਨੂੰ ਦਰਜ਼ ਕੀਤਾ ਗਿਆ ਸੀ, ਉਸ ਵੇਲੇ ਪਾਰਾ 38.3 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ। ਦੱਖਣੀ ਕਸ਼ਮੀਰ ਦੇ ਕਾਜ਼ੀਗੁੰਡ ਅਤੇ ਕੋਕਰਨਾਗ ਕਸਬਿਆਂ 'ਚ ਐਤਵਾਰ ਨੂੰ ਜੁਲਾਈ ਦਾ ਸਭ ਤੋਂ ਵੱਧ ਗਰਮ ਦਿਨ ਦਰਜ਼ ਕੀਤਾ ਗਿਆ, ਕਾਜੀਗੁੰਡ ਇਲਾਕੇ ਵਿੱਚ ਇਸ ਦਿਨ ਸਭ ਤੋਂ ਵੱਧ ਤਾਪਮਾਨ 35.6 ਡਿਗਰੀ ਦਰਜ਼ ਹੋਇਆ, ਜੋ ਕਿ 11 ਜੁਲਾਈ 1988 ਦਾ ਰਿਕਾਰਡ ਤੋੜ ਗਿਆ। ਇਸ ਦਿਨ ਪਾਰਾ 34.5 ਡਿਗਰੀ ਦਰਜ਼ ਕੀਤਾ ਗਿਆ ਸੀ। 

ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ‘ਚ ਕਸ਼ਮੀਰ ਘਾਟੀ ‘ਚ ਵੱਖ-ਵੱਖ ਥਾਵਾਂ ‘ਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਆਉਣ ਦੀ ਸੰਭਾਵਨਾ ਹੈ।


author

DILSHER

Content Editor

Related News