ਪ੍ਰਧਾਨ ਮੰਤਰੀ ਨੇ ਸੱਦੀ ਮੰਤਰੀ ਮੰਡਲ ਦੀ ਬੈਠਕ, ਟੀਮ-ਮੋਦੀ ’ਚ ਬਦਲਾਅ ਦੇ ਸੰਕੇਤ
Sunday, Jan 29, 2023 - 10:59 AM (IST)

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਜਨਵਰੀ ਨੂੰ ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੱਲ ਆਪਣੇ 75 ਮੈਂਬਰੀ ਮਜ਼ਬੂਤ ਮੰਤਰੀ ਮੰਡਲ ਦੀ ਬੈਠਕ ਸੱਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਟੀਮ-ਮੋਦੀ ’ਚ ਵੱਡੇ ਬਦਲਾਅ ਦਾ ਸੰਕੇਤ ਦਿੰਦੇ ਹੋਏ ਆਪਣੇ ਮੰਤਰੀ ਸਹਿਯੋਗੀਆਂ ਦਾ ਉਤਸ਼ਾਹ ਵਧਾਉਣ ਲਈ ਇਹ ਬੈਠਕ ਸੱਦੀ ਗਈ ਹੈ। ਜ਼ਾਹਿਰ ਹੈ ਕਿ ਪ੍ਰਧਾਨ ਮੰਤਰੀ ਆਪਣੀ ਨਵੀਂ ‘ਵਾਰ ਟੀਮ’ ਨੂੰ ਆਖਰੀ ਰੂਪ ਦੇ ਰਹੇ ਹਨ ਅਤੇ ਖਰਾਬ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ।
ਮੰਤਰੀ ਮੰਡਲ ਦੀ ਬੈਠਕ ਦਾ ਕੋਈ ਏਜੰਡਾ ਪ੍ਰਸਾਰਿਤ ਨਹੀਂ ਕੀਤਾ ਗਿਆ ਹੈ ਅਤੇ ਮੰਤਰੀਆਂ ਨੂੰ ਵੀ ਕੁਝ ਨਹੀਂ ਦੱਸਿਆ ਗਿਆ ਹੈ। ਹਾਲਾਂਕਿ ਮੋਦੀ ਨੇ ਕੁਝ ਮਹੀਨੇ ਪਹਿਲਾਂ ਆਪਣੇ ਮੰਤਰੀਆਂ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਪ੍ਰਦਰਸ਼ਨ ’ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਅਤੇ ਟੀਚਾ ਪੂਰਾ ਕਰਨ ਦੇ ਸਬੰਧ ’ਚ ਉਨ੍ਹਾਂ ਤੋਂ ਸਵਾਲ ਪੁੱਛੇ ਜਾ ਸਕਦੇ ਹਨ। ਸਾਊਥ ਬਲਾਕ ’ਚ ਚਰਚਾ ਹੈ ਕਿ ਕਿਸੇ ਵੱਡੇ ਫੇਰਬਦਲ ਤੋਂ ਪਹਿਲਾਂ ਮੌਜੂਦਾ ਮੰਤਰੀ ਮੰਡਲ ਦੀ ਇਹ ਆਖਰੀ ਬੈਠਕ ਹੋ ਸਕਦੀ ਹੈ। ਕਈ ਸੂਬਿਆਂ ’ਚ ਨਵੇਂ ਰਾਜਪਾਲਾਂ ਅਤੇ ਉੱਪ ਰਾਜਪਾਲਾਂ ਦੀ ਨਿਯੁਕਤੀ ਅਤੇ ਭਾਜਪਾ ’ਚ ਬਦਲਾਅ ਦੀ ਵੀ ਨੌਬਤ ਆ ਗਈ ਹੈ।
ਇਹ ਤੱਥ ਕਿ ਭਾਜਪਾ ਲੀਡਰਸ਼ਿਪ ਨੇ ਕਾਫੀ ਸਰਵੇਖਣਾਂ ਤੋਂ ਬਾਅਦ ਕਮਜ਼ੋਰ ਲੋਕ ਸਭਾ ਸੀਟਾਂ ਦੀ ਗਿਣਤੀ 144 ਤੋਂ ਵਧਾ ਕੇ 170 ਕਰ ਦਿੱਤੀ ਹੈ, ਮਹਾਰਾਸ਼ਟਰ, ਬਿਹਾਰ, ਮੱਧ ਪ੍ਰਦੇਸ਼, ਪੰਜਾਬ, ਛੱਤੀਸਗੜ੍ਹ ਅਤੇ ਕੁਝ ਹੋਰ ਸੂਬਿਆਂ ਵਰਗੇ ਮਹੱਤਵਪੂਰਨ ਸੂਬਿਆਂ ’ਚ ਕਮਜ਼ੋਰੀ ਦਾ ਸੰਕੇਤ ਦਿੰਦੀ ਹੈ। ਹਕੀਕਤ ਇਹ ਹੈ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ, ਜੋ ਹੁਣ ਭਾਜਪਾ ਦੇ ਉੱਪ ਪ੍ਰਧਾਨ ਹਨ, ਨੇ ਇਸ ਗਣਤੰਤਰ ਦਿਹਾੜੇ ’ਤੇ ਪਾਰਟੀ ਹੈੱਡਕੁਆਰਟਰ ’ਚ ਤਿਰੰਗਾ ਫਹਿਰਾਇਆ ਹੈ, ਜੋ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਕਿਵੇਂ ਹਾਲਾਤ ਬਦਲ ਰਹੇ ਹਨ।