ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਦੇਸ਼ ਕਦੇ ਨਹੀਂ ਭੁੱਲ ਸਕਦਾ: PM ਮੋਦੀ
Saturday, Aug 28, 2021 - 12:29 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਕਦੇ ਨਹੀਂ ਭੁੱਲ ਸਕਦਾ। ਜਲ੍ਹਿਆਂਵਾਲਾ ਬਾਗ ਸਮਾਰਕ ਦੇ ਨਵੇਂ ਬਣੇ ਕੰਪਲੈਕਸ ਨੂੰ ਅੱਜ ਸ਼ਾਮ ਰਾਸ਼ਟਰ ਨੂੰ ਸਮਰਪਿਤ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਇਨ੍ਹਾਂ ਸ਼ਹੀਦਾਂ ਨੂੰ ਕਦੇ ਨਹੀਂ ਭੁੱਲੇਗਾ। ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਇਕ ਟਵਿੱਟਰ ਸੰਦੇਸ਼ ਵਿਚ ਕਿਹਾ ਕਿ ਅੱਜ ਸ਼ਾਮ 6 ਵਜ ਕੇ 25 ਮਿੰਟ ’ਤੇ ਲੋਕਾਂ ਲਈ ਇਕ ਪ੍ਰੋਗਰਾਮ ਹੋਵੇਗਾ। ਜਲ੍ਹਿਆਂਵਾਲਾ ਬਾਗ ਸਮਾਰਕ ਦਾ ਨਵਾਂ ਬਣਿਆ ਕੰਪਲੈਕਸ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ। ਭਾਰਤ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਕਦੇ ਨਹੀਂ ਭੁਲਾਏਗਾ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਸ਼ਾਮ ਨੂੰ ਵੀਡੀਓ ਕਾਨਫਰੰਸ ਜ਼ਰੀਏ ਆਯੋਜਿਤ ਇਕ ਪ੍ਰੋਗਰਾਮ ਵਿਚ ਇਸ ਕੰਪਲੈਕਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ਕੇਂਦਰੀ ਸੱਭਿਆਚਾਰ ਮੰਤਰੀ ਅਤੇ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ।
ਜ਼ਿਕਰਯੋਗ ਹੈ ਕਿ ਭਾਰਤੀ ਪੁਰਾਤੱਤਵ ਵਿਭਾਗ ਦੀ ਨਿਗਰਾਨੀ ਹੇਠ ਲੱਗਭਗ 20 ਕਰੋੜ ਰੁਪਏ ਦੀ ਲਾਗਤ ਨਾਲ ਕੰਪਲੈਕਸ ਦਾ ਸੁੰਦਰੀਕਰਨ ਕੀਤਾ ਗਿਆ ਹੈ। ਇਹ ਸੁੰਦਰੀਕਰਨ ਯੋਜਨਾ ਇਤਿਹਾਸਕ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸਮਰਪਿਤ ਹੈ। ਇਸ ਇਤਿਹਾਸਕ ਯਾਦਗਾਰ ਵਿਚ ਕੀਤੇ ਸੁੰਦਰੀਕਰਨ ਤਹਿਤ ਇੱਥੇ 4 ਮਿਊਜ਼ੀਅਮ ਗੈਲਰੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿਚ ਇੱਥੋਂ ਦੇ ਇਤਿਹਾਸ ਨੂੰ ਦਰਸਾਇਆ ਜਾਵੇਗਾ ਅਤੇ ਥਰੀ ਡੀ ਰਾਹੀਂ ਵੀ ਇਤਿਹਾਸ ਦੀ ਪੇਸ਼ਕਾਰੀ ਕੀਤੀ ਜਾਵੇਗੀ।