J&K ''ਚ ਅੱਤਵਾਦ ਖਿਲਾਫ਼ ਵੱਡੀ ਕਾਰਵਾਈ, ਅਨੰਤਨਾਗ ''ਚ ਅੱਤਵਾਦੀ ਟਿਕਾਣੇ ਦਾ ਪਰਦਾਫ਼ਾਸ਼

Monday, Mar 24, 2025 - 06:26 PM (IST)

J&K ''ਚ ਅੱਤਵਾਦ ਖਿਲਾਫ਼ ਵੱਡੀ ਕਾਰਵਾਈ, ਅਨੰਤਨਾਗ ''ਚ ਅੱਤਵਾਦੀ ਟਿਕਾਣੇ ਦਾ ਪਰਦਾਫ਼ਾਸ਼

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਇਕ ਜੰਗਲ 'ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ. ਓ. ਜੀ) ਅਨੰਤਨਾਗ, ਫ਼ੌਜ ਦੀ 19 ਰਾਸ਼ਟਰੀ ਰਾਈਫਲਜ਼ (ਆਰ.ਆਰ) ਅਤੇ ਸੀ. ਆਰ. ਪੀ. ਐਫ ਦੀ ਇਕ ਸੰਯੁਕਤ ਟੀਮ ਨੇ ਪੁਲਸ ਸਟੇਸ਼ਨ ਉਟੇਰਸੂ ਦੇ ਅਧਿਕਾਰ ਖੇਤਰ 'ਚ ਸਾਂਗਲਾਨ ਜੰਗਲ ਦੇ ਉੱਚੇ ਖੇਤਰਾਂ 'ਚ ਲੁਕੇ ਹੋਏ ਟਿਕਾਣੇ ਦਾ ਪਰਦਾਫਾਸ਼ ਕੀਤਾ। ਪੁਲਸ ਨੇ ਦੱਸਿਆ ਕਿ ਖਾਸ ਖੁਫੀਆ ਸੂਚਨਾਵਾਂ ਦੇ ਆਧਾਰ 'ਤੇ ਸੁਰੱਖਿਆ ਬਲਾਂ ਨੇ ਸੰਘਣੇ ਜੰਗਲੀ ਖੇਤਰ 'ਚ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਚਲਾਈ, ਜਿਸ ਤੋਂ ਟਿਕਾਣੇ ਦਾ ਪਤਾ ਲੱਗਾ।

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਅੱਤਵਾਦੀਆਂ ਵੱਲੋਂ ਇਸ ਦੀ ਵਰਤੋਂ ਰਸਦ ਅੱਡੇ ਵਜੋਂ ਕੀਤੀ ਜਾ ਰਹੀ ਸੀ। ਬਰਾਮਦ ਕੀਤੇ ਗਏ ਸਾਮਾਨ ਵਿਚ 200 ਖਾਲੀ ਏ.ਕੇ. ਕਾਰਤੂਸ, ਦੋ ਗੈਸ ਸਿਲੰਡਰ, ਇਕ ਚੀਨੀ ਗ੍ਰਨੇਡ, ਇਕ ਨਾਈਟ ਵਿਜ਼ਨ ਡਿਵਾਈਸ, ਬਿਸਤਰੇ, ਬਰਤਨ ਅਤੇ ਭੋਜਨ ਦੇ ਪੈਕੇਟ ਸ਼ਾਮਲ ਹਨ। ਪੁਲਸ ਨੇ ਵਸਨੀਕਾਂ ਨੂੰ ਚੌਕਸ ਰਹਿਣ ਅਤੇ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ ਚੱਲ ਰਹੇ ਯਤਨਾਂ ਵਿਚ ਯੋਗਦਾਨ ਪਾਉਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਦੇਣ ਦੀ ਅਪੀਲ ਵੀ ਕੀਤੀ।


author

Tanu

Content Editor

Related News