ਅੱਤਵਾਦ ਨੂੰ ਦਫ਼ਨਾ ਦਿੱਤਾ ਗਿਆ, ਹੁਣ ਵਾਪਸ ਨਹੀਂ ਆਉਣ ਦਿੱਤਾ ਜਾਵੇਗਾ: ਅਮਿਤ ਸ਼ਾਹ
Thursday, Sep 26, 2024 - 04:13 PM (IST)
ਚੇਨਾਨੀ (ਜੰਮੂ-ਕਸ਼ਮੀਰ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਤਵਾਦ ਨੂੰ ਦਫ਼ਨਾ ਦਿੱਤਾ ਗਿਆ ਹੈ ਅਤੇ ਹੁਣ ਇਸਨੂੰ ਵਾਪਸ ਨਹੀਂ ਆਉਣ ਦਿੱਤਾ ਜਾਵੇਗਾ। ਸ਼ਾਹ ਨੇ ਭਾਜਪਾ ਦੀ ਸਰਕਾਰ ਬਣਨ 'ਤੇ ਜੰਮੂ-ਕਸ਼ਮੀਰ ਨੂੰ ਅੱਤਵਾਦ ਮੁਕਤ ਬਣਾਉਣ ਦਾ ਵਾਅਦਾ ਕੀਤਾ ਅਤੇ ਦੋਸ਼ ਲਾਇਆ ਕਿ ਸੱਤਾ 'ਚ ਆਉਣ 'ਤੇ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਪਾਕਿਸਤਾਨ ਦੇ ਏਜੰਡੇ ਨੂੰ ਲਾਗੂ ਕਰੇਗਾ। ਭਾਜਪਾ ਦੀ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਸ਼ਾਹ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਧਾਰਾ 370 ਤੋਂ ਬਿਨਾਂ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ।
ਅਮਿਤ ਸ਼ਾਹ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਅਗਸਤ 2019 'ਚ ਧਾਰਾ 370 ਨੂੰ ਖ਼ਤਮ ਕਰਕੇ ਜਨ ਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸੁਫ਼ਨਾ ਪੂਰਾ ਕੀਤਾ। ਸ਼ਾਹ ਨੇ ਕਿਹਾ, "ਮੈਂ ਤੁਹਾਨੂੰ ਪੁੱਛਦਾ ਹਾਂ ਕਿ ਕੀ (ਸੰਸਦ ਹਮਲੇ ਦੇ ਦੋਸ਼ੀ) ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਸੀ ਜਾਂ ਨਹੀਂ? ਐੱਨਸੀ-ਕਾਂਗਰਸ ਹੁਣ ਕਹਿ ਰਹੇ ਹਨ ਕਿ ਉਸ ਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ ਸੀ..."
ਉਹਨਾਂ ਨੇ ਉਧਮਪੁਰ ਦੇ ਚੇਨਾਨੀ ਵਿਚ ਇਕ ਰੈਲੀ ਵਿਚ ਕਿਹਾ, 'ਉਹ ਪੱਥਰਬਾਜ਼ਾਂ ਅਤੇ ਅੱਤਵਾਦੀਆਂ ਨੂੰ ਰਿਹਾਅ ਕਰਨਾ ਚਾਹੁੰਦੇ ਹਨ। ਉਮਰ ਅਬਦੁੱਲਾ ਨੇ ਇਹ ਸੁਫ਼ਨਾ ਛੱਡ ਦਿੱਤਾ ਹੈ, ਕਿਉਂਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ। ਇਹ ਅਦਾਲਤਾਂ ਦਾ ਕੰਮ ਹੈ ਅਤੇ ਅਸੀਂ ਅਜਿਹੇ ਕਾਨੂੰਨ ਲਾਗੂ ਕੀਤੇ ਹਨ ਕਿ ਹੁਣ ਕੋਈ ਪੱਥਰ ਮਾਰਨ ਦੀ ਹਿੰਮਤ ਨਹੀਂ ਕਰੇਗਾ।' ਸ਼ਾਹ ਅੱਜ ਊਧਮਪੁਰ, ਕਠੂਆ ਅਤੇ ਜੰਮੂ ਜ਼ਿਲ੍ਹਿਆਂ ਵਿੱਚ ਪੰਜ ਰੈਲੀਆਂ ਨੂੰ ਸੰਬੋਧਨ ਕਰਨਗੇ। ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ਤਹਿਤ 1 ਅਕਤੂਬਰ ਨੂੰ ਵੋਟਿੰਗ ਹੋਵੇਗੀ।