''ਤੁਸੀਂ ਹਾਰ ਜਾਓ ਤਾਂ EVM ਖ਼ਰਾਬ, ਜਿੱਤੋ ਤਾਂ ਠੀਕ''... ਬੈਲੇਟ ਪੇਪਰ ਨਾਲ ਵੋਟਿੰਗ ਦੀ ਮੰਗ SC ਵਲੋਂ ਖਾਰਜ

Tuesday, Nov 26, 2024 - 06:14 PM (IST)

''ਤੁਸੀਂ ਹਾਰ ਜਾਓ ਤਾਂ EVM ਖ਼ਰਾਬ, ਜਿੱਤੋ ਤਾਂ ਠੀਕ''... ਬੈਲੇਟ ਪੇਪਰ ਨਾਲ ਵੋਟਿੰਗ ਦੀ ਮੰਗ SC ਵਲੋਂ ਖਾਰਜ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਦੇਸ਼ 'ਚ ਮੁੜ ਤੋਂ ਬੈਲੇਟ ਪੇਪਰਾਂ ਰਾਹੀਂ ਵੋਟਿੰਗ ਕਰਵਾਉਣ ਦੀ ਵਿਵਸਥਾ ਕੀਤੇ ਜਾਣ ਦੀ ਅਪੀਲ ਕਰਨ ਵਾਲੀ ਪਟੀਸ਼ਨ ਮੰਗਲਵਾਰ ਨੂੰ ਖਾਰਜ ਕਰ ਦਿੱਤੀ। ਜੱਜ ਵਿਕਰਮਨਾਥ ਅਤੇ ਜੱਜ ਪੀ.ਬੀ. ਵਰਾਲੇ ਦੀ ਬੈਂਚ ਨੇ ਟਿੱਪਣੀ ਕੀਤੀ,''ਜਦੋਂ ਤੁਸੀਂ ਚੋਣਾਂ ਜਿੱਤਦੇ ਹੋ ਤਾਂ ਈਵੀਐੱਮ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਨਾਲ ਛੇੜਛਾੜ ਨਹੀਂ ਹੁੰਦੀ। ਜਦੋਂ ਤੁਸੀਂ ਚੋਣਾਂ ਹਰ ਜਾਂਦੇ ਹੋ ਤਾਂ ਈ.ਵੀ.ਐੱਮ. ਨਾਲ ਛੇੜਛਾੜ ਹੁੰਦੀ ਹੈ।'' ਪਟੀਸ਼ਨ 'ਚ ਬੈਲੇਟ ਪੇਪਰ ਨਾਲ ਵੋਟਿੰਗ ਕਰਵਾਏ ਜਾਣ ਤੋਂ ਇਲਾਵਾ ਕਈ ਹੋਰ ਦਿਸ਼ਾ-ਨਿਰਦੇਸ਼ ਦਿੱਤੇ ਜਾਣ ਦੀ ਅਪੀਲ ਕੀਤੀ ਗਈ ਸੀ। ਪਟੀਸ਼ਨ 'ਚ ਚੋਣ ਕਮਿਸ਼ਨ ਨੂੰ ਇਹ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਸੀ ਕਿ ਜੇਕਰ ਕੋਈ ਉਮੀਦਵਾਰ ਚੋਣਾਂ ਦੌਰਾਨ ਵੋਟਰਾਂ ਨੂੰ ਪੈਸੇ, ਸ਼ਰਾਬ ਜਾਂ ਹੋਰ ਸਮੱਗਰੀ ਵੰਡਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਘੱਟੋ-ਘੱਟ 5 ਸਾਲ ਲਈ ਅਯੋਗ ਐਲਾਨ ਕੀਤਾ ਜਾਵੇ। ਜਦੋਂ ਪਟੀਸ਼ਨਕਰਤਾ ਕੇ.ਏ. ਪਾਲ ਨੇ ਕਿਹਾ ਕਿ ਜਨਹਿੱਤ ਪਟੀਸ਼ਨ ਉਨ੍ਹਾਂ ਨੇ ਦਾਇਰ ਕੀਤੀ ਹੈ ਤਾਂ ਬੈਂਚ ਨੇ ਕਿਹਾ,''ਤੁਹਾਡੇ ਕੋਲ ਦਿਲਚਸਪ ਜਨਹਿੱਤ ਪਟੀਸ਼ਨਾਂ ਹਨ। ਤੁਹਾਨੂੰ ਇਹ ਸ਼ਾਨਦਾਰ ਵਿਚਾਰ ਕਿੱਥੋਂ ਮਿਲਦੇ ਹਨ?''

ਇਹ ਵੀ ਪੜ੍ਹੋ : ਸਿੱਧੂ ਜੋੜੇ ਨੂੰ ਕਾਨੂੰਨੀ ਨੋਟਿਸ ਜਾਰੀ, 7 ਦਿਨਾਂ ਅੰਦਰ ਮੰਗੋ ਮੁਆਫ਼ੀ ਨਹੀਂ ਤਾਂ....

ਪਟੀਸ਼ਨਕਰਤਾ ਨੇ ਕਿਹਾ ਕਿ ਉਹ ਇਕ ਅਜਿਹੇ ਸੰਗਠਨ ਦੇ ਪ੍ਰਧਾਨ ਹਨ, ਜਿਸ ਨੇ ਤਿੰਨ ਲੱਖ ਤੋਂ ਵੱਧ ਅਨਾਥਾਂ ਅਤੇ 40 ਲੱਖ ਵਿਧਵਾਵਾਂ ਨੂੰ ਬਚਾਇਆ ਹੈ। ਬੈਂਚ ਨੇ ਇਸ ਦੇ ਜਵਾਬ 'ਚ ਕਿਹਾ,''ਤੁਸੀਂ ਇਸ ਰਾਜਨੀਤੀ ਦੇ ਖੇਤਰ 'ਚ ਕਿਉਂ ਉਤਰ ਰਹੇ ਹੋ? ਤੁਹਾਡਾ ਖੇਤਰ ਬਹੁਤ ਵੱਖ ਹੈ।'' ਪਾਲ ਨੇ ਜਦੋਂ ਦੱਸਿਆ ਕਿ ਉਹ 150 ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ ਤਾਂ ਬੈਂਚ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਇਨ੍ਹਾਂ ਦੇਸ਼ਾਂ 'ਚ ਬੈਲੇਟ ਪੇਪਰ ਰਾਹੀਂ ਵੋਟਿੰਗ ਹੁੰਦੀ ਹੈ ਜਾਂ ਉੱਥੇ ਇਲੈਕਟ੍ਰਾਨਿਕ ਵੋਟਿੰਗ ਦਾ ਇਸਤੇਮਾਲ ਹੁੰਦਾ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਹੋਰ ਦੇਸ਼ਾਂ ਨੇ ਬੈਲੇਟ ਪੇਪਰ ਰਾਹੀਂ ਵੋਟਿੰਗ ਦੀ ਪ੍ਰਕਿਰਿਆ ਨੂੰ ਅਪਣਾਇਆ ਹੈ ਅਤੇ ਭਾਰਤ ਨੂੰ ਵੀ ਅਜਿਹਾ  ਹੀ ਕਰਨਾ ਚਾਹੀਦਾ। ਬੈਂਚ ਨੇ ਕਿਹਾ,''ਤੁਸੀਂ ਬਾਕੀ ਦੁਨੀਆ ਤੋਂ ਵੱਖ ਕਿਉਂ ਨਹੀਂ ਹੋਣਾ ਚਾਹੁੰਦੇ?'' ਪਾਲ ਨੇ ਜਵਾਬ ਦਿੱਤਾ ਕਿ ਭ੍ਰਿਸ਼ਟਾਚਾਰ ਹੋਇਆ ਹੈ ਅਤੇ ਇਸ ਸਾਲ (2024) ਜੂਨ 'ਚ ਚੋਣ ਕਮਿਸ਼ਨ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ 9 ਹਜ਼ਾਰ ਕਰੋੜ ਰੁਪਏ ਜ਼ਬਤ ਕੀਤੇ ਹਨ। ਬੈਂਚ ਨੇ ਕਿਹਾ,''ਪਰ ਇਸ ਨਾਲ ਤੁਹਾਡੀ ਗੱਲ ਕਿਵੇਂ ਪ੍ਰਾਸੰਗਿਕ ਹੋ ਜਾਂਦੀ ਹੈ...ਜੇਕਰ ਤੁਸੀਂ ਬੈਲੇਟ ਪੇਪਰ ਵੱਲ ਆਉਂਦੇ ਹੋ ਤਾਂ ਕੀ ਭ੍ਰਿਸ਼ਟਾਚਾਰ ਨਹੀਂ ਹੋਵੇਗਾ?'' ਪਾਲ ਨੇ ਦਾਅਵਾ ਕੀਤਾ ਕਿ ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਸਹਿ-ਸੰਸਥਾਪਕ ਏਲਨ ਮਸਕ ਨੇ ਕਿਹਾ ਕਿ ਈ.ਵੀ.ਐੱਮ. ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲੁਗੂ ਦੇਸ਼ਮ ਪਾਰਟੀ ਦੇ ਮੁਖੀ ਐੱਨ. ਚੰਦਰਬਾਬੂ ਨਾਇਡੂ ਅਤੇ ਰਾਜ ਦੇ ਸਾਬਕਾ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਦਾਅਵਾ ਕੀਤਾ ਹੈ ਕਿ ਈ.ਵੀ.ਐੱਮ. ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਬੈਂਚ ਨੇ ਕਿਹਾ,''ਜਦੋਂ ਚੰਦਰਬਾਬੂ ਨਾਇਡੂ ਹਾਰੇ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਈ.ਵੀ.ਐੱਮ. ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਹੁਣ ਇਸ ਵਾਰ ਜਗਨ ਮੋਹਨ ਰੈੱਡੀ ਹਾਰੇ ਹਨ ਤਾਂ ਉਨ੍ਹਾਂ ਕਿਹਾ ਕਿ ਈ.ਵੀ.ਐੱਮ. ਨਾਲ ਛੇੜਛਾੜ ਕੀਤੀ ਜਾ ਸਕਦੀ ਹੈ।'' ਜਦੋਂ ਪਟੀਸ਼ਨਕਰਤਾ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਚੋਣਾਂ 'ਚ ਪੈਸੇ ਵੰਡੇ ਗਏ ਸਨ ਤਾਂ ਬੈਂਚ ਨੇ ਟਿੱਪਣੀ ਕੀਤੀ,''ਸਾਨੂੰ ਕਿਸੇ ਚੋਣਾਂ ਲਈ ਕਦੇ ਕੋਈ ਪੈਸਾ ਨਹੀਂ ਮਿਲਿਆ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News