ਦਿੱਲੀ ਹੁਣ ਰਹਿਣ ਦੇ ਲਾਇਕ ਨਹੀਂ ਰਹੀ : ਜਸਟਿਸ ਮਿਸ਼ਰਾ
Friday, Jan 18, 2019 - 05:00 PM (IST)
ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਅਤੇ ਆਵਾਜਾਈ ਜਾਮ ਦੀ ਸਮੱਸਿਆ ਨੂੰ ਲੈ ਕੇ ਸੁਪਰੀਮ ਕੋਰਟ ਦੇ ਇਕ ਸੀਨੀਅਰ ਜੱਜ ਦਾ ਦਰਦ ਸ਼ੁੱਕਰਵਾਰ ਨੂੰ ਅਦਾਲਤ ਰੂਮ 'ਚ ਛਲਕ ਆਇਆ ਅਤੇ ਉਨ੍ਹਾਂ ਨੇ ਭਾਰੀ ਮਨ ਨਾਲ ਕਿਹਾ ਕਿ ਦਿੱਲੀ ਹੁਣ ਰਹਿਣ ਦੇ ਲਾਇਕ ਨਹੀਂ ਰਹੀ। ਜੱਜ ਅਰੁਣ ਕੁਮਾਰ ਮਿਸ਼ਰਾ ਨੇ ਰਾਜਧਾਨੀ 'ਚ ਪ੍ਰਦੂਸ਼ਣ ਨਾਲ ਸੰਬੰਧਤ ਇਕ ਪਟੀਸ਼ਨ 'ਤੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ,''ਸ਼ੁਰੂ 'ਚ ਦਿੱਲੀ ਮੈਨੂੰ ਆਕਰਸ਼ਿਤ ਕਰਦੀ ਸੀ ਪਰ ਹੁਣ ਨਹੀਂ। ਦਿੱਲੀ ਹੁਣ ਰਹਿਣ ਲਾਇਕ ਨਹੀਂ ਰਹਿ ਗਈ। ਇੱਥੇ ਪ੍ਰਦੂਸ਼ਣ ਅਤੇ ਜਾਮ ਦੀ ਸਮੱਸਿਆ ਹੈ। ਜਾਮ ਦੀ ਹਾਲਤ ਤਾਂ ਇਹ ਹੈ ਕਿ ਅੱਜ ਮੈਂ ਜੱਜਾਂ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਤੋਂ ਵੀ ਵਾਂਝਾ ਰਹਿ ਜਾਂਦਾ।''
ਜ਼ਿਕਰਯੋਗ ਹੈ ਕਿ ਜੱਜ ਦਿਨੇਸ਼ ਮਾਹੇਸ਼ਵਰੀ ਅਤੇ ਜੱਜ ਸੰਜੀਵ ਖੰਨਾ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕਣੀ ਸੀ ਪਰ ਜਾਮ ਕਾਰਨ ਜੱਜ ਨੂੰ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਕ ਸਮੇਂ ਤਾਂ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਹ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਣ ਤੋਂ ਵਾਂਝੇ ਰਹਿ ਜਾਣਗੇ ਪਰ ਕਿਸੇ ਤਰ੍ਹਾਂ ਨਾਲ ਉਹ ਪੁੱਜ ਗਏ। ਸਹੁੰ ਚੁੱਕ ਸਮਾਰੋਹ ਸੁਪਰੀਮ ਕੋਰਟ ਦੇ ਅਦਾਲਤੀ ਰੂਮ ਸੰਖਿਆ-1 'ਚ ਆਯੋਜਿਤ ਹੋਇਆ ਸੀ।
