ਆਯੁਸ਼ਮਾਨ ਯੋਜਨਾ : ਉਮਰ 60 ਸਾਲ ਤੇ ਕਵਰੇਜ 10 ਲੱਖ ਰੁਪਏ ਕਰਨ ਦਾ ਪ੍ਰਸਤਾਵ

Sunday, Mar 16, 2025 - 12:56 AM (IST)

ਆਯੁਸ਼ਮਾਨ ਯੋਜਨਾ : ਉਮਰ 60 ਸਾਲ ਤੇ ਕਵਰੇਜ 10 ਲੱਖ ਰੁਪਏ ਕਰਨ ਦਾ ਪ੍ਰਸਤਾਵ

ਨਵੀਂ ਦਿੱਲੀ- ਰਾਜ ਸਭਾ ਦੇ ਮੈਂਬਰ ਰਾਮ ਗੋਪਾਲ ਯਾਦਵ ਦੀ ਅਗਵਾਈ ਵਾਲੀ ਸਿਹਤ ਤੇ ਪਰਿਵਾਰ ਭਲਾਈ ਬਾਰੇ ਕਮੇਟੀ ਨੇ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕੀਤੀ ਹੈ ਕਿ ਆਯੁਸ਼ਮਾਨ ਯੋਜਨਾ ਅਧੀਨ ਮੁਫ਼ਤ ਇਲਾਜ ਲਈ ਉਮਰ ਦੀ ਹੱਦ ਵਧਾ ਕੇ 60 ਸਾਲ ਕੀਤੀ ਜਾਵੇ। ਇਸ ਦੇ ਨਾਲ ਹੀ ਇਲਾਜ ਲਈ ਦਿੱਤੀ ਜਾਣ ਵਾਲੀ 5 ਲੱਖ ਰੁਪਏ ਦੀ ਰਕਮ ਨੂੰ ਵੀ ਦੁੱਗਣਾ ਕਰ ਕੇ 10 ਲੱਖ ਰੁਪਏ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਿਹਤ ਯੋਜਨਾ ਦਾ ਲਾਭ ਮਿਲ ਸਕੇ। ਇਸ ਵੇਲੇ ਸਿਰਫ਼ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਇਹ ਲਾਭ ਮਿਲ ਰਿਹਾ ਹੈ।

ਇਸ ਯੋਜਨਾ ਅਧੀਨ ਦੇਸ਼ ਦੇ ਕੁਝ ਸਰਕਾਰੀ ਤੇ ਨਿੱਜੀ ਹਸਪਤਾਲਾਂ ’ਚ ਇਲਾਜ ਦੀ ਸਹੂਲਤ ਹਾਸਲ ਕੀਤੀ ਜਾ ਸਕਦੀ ਹੈ। ਇਸ ਯੋਜਨਾ ’ਚ ਹਸਪਤਾਲ ’ਚ ਦਾਖਲ ਹੋਣ ਤੋਂ 10 ਦਿਨ ਪਹਿਲਾਂ ਤੇ ਬਾਅਦ ’ਚ ਹੋਏ ਖਰਚਿਆਂ ਦਾ ਭੁਗਤਾਨ ਕਰਨ ਦਾ ਵੀ ਪ੍ਰਬੰਧ ਹੈ।

ਆਯੁਸ਼ਮਾਨ ਯੋਜਨਾ ਅਧੀਨ ਪੁਰਾਣੀਆਂ ਬੀਮਾਰੀਆਂ ਵੀ ਕਵਰ ਕੀਤੀਆਂ ਜਾਂਦੀਆਂ ਹਨ। ਕਿਸੇ ਵੀ ਬੀਮਾਰੀ ਲਈ ਹਸਪਤਾਲ ’ਚ ਦਾਖਲ ਹੋਣ ਤੋਂ ਪਹਿਲਾਂ ਤੇ ਬਾਅਦ ਦੇ ਖਰਚੇ ਕਵਰ ਕੀਤੇ ਜਾਂਦੇ ਹਨ। ਇਸ ’ਚ ਆਵਾਜਾਈ ’ਤੇ ਆਉਣ ਵਾਲੇ ਖਰਚੇ ਵੀ ਸ਼ਾਮਲ ਹਨ।

ਇਸ ’ਚ ਸਾਰੇ ਡਾਕਟਰੀ ਟੈਸਟ, ਆਪ੍ਰੇਸ਼ਨ ਤੇ ਇਲਾਜ ਆਦਿ ਸ਼ਾਮਲ ਹਨ। ਹੁਣ ਤੱਕ ਇਸ ਯੋਜਨਾ ਅਧੀਨ 5.5 ਕਰੋੜ ਤੋਂ ਵੱਧ ਲੋਕਾਂ ਦਾ ਇਲਾਜ ਹੋ ਚੁੱਕਾ ਹੈ।


author

Rakesh

Content Editor

Related News