STF ਦੀ ਵੱਡੀ ਕਾਰਵਾਈ, ਬੰਗਲਾਦੇਸ਼ ਸਰਹੱਦ ਕੋਲ ISI ਏਜੰਟ ਗ੍ਰਿਫ਼ਤਾਰ
Wednesday, Aug 12, 2026 - 02:37 PM (IST)
ਕੋਲਕਾਤਾ- ਪੱਛਮੀ ਬੰਗਾਲ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬੋਂਗੋਨ 'ਚ ਬੰਗਲਾਦੇਸ਼ ਸਰਹੱਦ ਨੇੜੇ ਇਕ ਸ਼ੱਕੀ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਰਾਣਾ ਰਾਉਤ ਵਜੋਂ ਹੋਈ ਹੈ ਅਤੇ ਉਹ 'ਵਹਾਬ ਆਲਮ' ਨਾਮ ਬਦਲ ਕੇ ਰਹਿ ਰਿਹਾ ਸੀ। ਜਾਂਚ ਅਧਿਕਾਰੀਆਂ ਦੇ ਅਨੁਸਾਰ, ਰਾਣਾ ਰਾਉਤ, ਜੋ ਕਿ ਮੂਲ ਰੂਪ 'ਚ ਪਾਕਿਸਤਾਨ ਦੇ ਫੈਸਲਾਬਾਦ ਦਾ ਰਹਿਣ ਵਾਲਾ ਹੈ, 2012 'ਚ ਨੇਪਾਲ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਭਾਰਤ 'ਚ ਦਾਖਲ ਹੋਇਆ ਸੀ।
ਨੇਪਾਲ 'ਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਉਹ ਪੱਛਮੀ ਬੰਗਾਲ 'ਚ ਵਸ ਗਿਆ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇਕ ਭਾਰਤੀ ਨਾਗਰਿਕ ਵਜੋਂ ਰਹਿਣ ਲੱਗ ਪਿਆ। ਉਸ 'ਤੇ ਭਾਰਤੀ ਫੌਜੀ ਗਤੀਵਿਧੀਆਂ ਅਤੇ ਰੇਲਵੇ ਬੁਨਿਆਦੀ ਢਾਂਚੇ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਦੀ ਖੁਫੀਆ ਏਜੰਸੀ, ਆਈ.ਐੱਸ.ਆਈ. ਨੂੰ ਦੇਣ ਦਾ ਸ਼ੱਕ ਹੈ। ਅੱਤਵਾਦੀਆਂ ਨਾਲ ਸਬੰਧਾਂ ਦੇ ਦੋਸ਼ਾਂ 'ਚ ਇਕ ਹੋਰ ਹਾਲੀਆ ਗ੍ਰਿਫਤਾਰੀ ਤੋਂ ਬਾਅਦ, ਰਾਣਾ ਬੰਗਲਾਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਸੀ, ਪਰ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਐੱਸ.ਟੀ.ਐੱਫ. ਨੇ ਮੰਗਲਵਾਰ ਦੇਰ ਰਾਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਜਾਂਚ 'ਚ ਇਹ ਵੀ ਖੁਲਾਸਾ ਹੋਇਆ ਕਿ ਕੋਲਕਾਤਾ ਦੇ ਤਪਸਿਆ ਦੇ ਰਹਿਣ ਵਾਲੇ ਮੁਹੰਮਦ ਏਜਾਜ਼ ਨੇ ਰਾਣਾ ਨੂੰ 'ਵਹਾਬ ਆਲਮ' ਦੇ ਨਾਮ 'ਤੇ ਇਕ ਜਾਅਲੀ ਭਾਰਤੀ ਪਛਾਣ ਪੱਤਰ ਪ੍ਰਾਪਤ ਕਰਨ 'ਚ ਮਦਦ ਕੀਤੀ ਸੀ। ਐੱਸ.ਟੀ.ਐੱਫ. ਨੇ ਏਜਾਜ਼ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਸ ਨੈੱਟਵਰਕ 'ਚ ਹੋਰ ਕੌਣ-ਕੌਣ ਸ਼ਾਮਲ ਹੈ ਅਤੇ ਸਰਹੱਦ ਪਾਰ ਕਿਸ ਪੱਧਰ ਦੀ ਫੌਜੀ ਜਾਣਕਾਰੀ ਭੇਜੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਗ੍ਰਿਫ਼ਤਾਰੀ ਬੰਗਾਲ ਐੱਸਟੀਐੱਫ ਵੱਲੋਂ ਜੈਸ਼-ਏ-ਮੁਹੰਮਦ ਨਾਲ ਸਬੰਧਾਂ ਦੇ ਸ਼ੱਕ 'ਚ ਹਮੀਮ ਮੰਡਲ ਅਤੇ ਉਸ ਦੀ ਸਹਿਯੋਗੀ ਅਰਪਿਤਾ ਸਰਕਾਰ ਨੂੰ ਗ੍ਰਿਫ਼ਤਾਰ ਕਰਨ ਤੋਂ ਕੁਝ ਦਿਨ ਬਾਅਦ ਹੋਈ ਹੈ, ਜੋ ਸੀਨੀਅਰ ਰਾਜਨੀਤਿਕ ਨੇਤਾਵਾਂ ਬਾਰੇ ਜਾਣਕਾਰੀ ਇਕੱਠੀ ਕਰਨ 'ਚ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
