ਸਿੱਖ ਭਾਈਚਾਰੇ ਦੇ ਤਿੱਖੇ ਵਿਰੋਧ ਮਗਰੋਂ ਮਾਲ 'ਚੋਂ ਹਟਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ

Wednesday, Jun 07, 2023 - 11:19 AM (IST)

ਪਟਨਾ- ਪਟਨਾ ਦੇ ਅੰਬੂਜਾ ਮਾਲ 'ਚ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਾਏ ਜਾਣ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ 'ਤੇ ਸਿੱਖ ਭਾਈਚਾਰੇ ਵਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਹੈ। ਮਾਲ ਵਿਚ ਲਾਏ ਗਏ ਬੁੱਤ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਸਿੱਖ ਧਰਮ ਵਿਚ ਮੂਰਤੀ ਪੂਜਾ ਵਿਵਰਜਿਤ ਹੈ। ਜਾਣਬੁੱਝ ਕੇ ਚੁੱਕਿਆ ਗਿਆ ਇਹ ਕਦਮ ਬੇਹੱਦ ਨਿੰਦਾਯੋਗ ਹੈ। ਸਿੱਖ ਕਦੇ ਵੀ ਮੂਰਤੀ ਪੂਜਾ 'ਚ ਵਿਸ਼ਵਾਸ ਨਹੀਂ ਕਰਦੇ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਵਿਰੋਧ ਮਗਰੋਂ ਇਸ ਬੁੱਤ ਨੂੰ ਹਟਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਦਿੱਲੀ 'ਚ 'ਸਾਕਸ਼ੀ ਮਰਡਰ' ਵਰਗੀ ਇਕ ਹੋਰ ਘਿਨੌਣੀ ਵਾਰਦਾਤ, ਨੌਜਵਾਨ ਦੇ ਕਤਲ ਨਾਲ ਫੈਲੀ ਸਨਸਨੀ

ਅਡਾਨੀ ਦੇ ਅੰਬੂਜਾ ਮਾਲ 'ਚ ਲਾਇਆ ਗਿਆ ਬੁੱਤ

ਪਟਨਾ ਦੇ ਜਿਸ ਸ਼ਾਪਿੰਗ ਮਾਲ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਾਏ ਜਾਣ ਦਾ ਵਿਰੋਧ ਹੋ ਰਿਹਾ ਹੈ, ਉਹ ਸ਼ਾਪਿੰਗ ਮਾਲ ਕਾਰੋਬਾਰੀ ਗੌਤਮ ਅਡਾਨੀ ਦਾ ਹੈ। ਪਟਨਾ 'ਚ ਅੰਬੂਜਾ ਨਾਂ ਤੋਂ ਅਡਾਨੀ ਦੀ ਕੰਪਨੀ ਨੇ ਸ਼ਾਪਿੰਗ ਮਾਲ ਬਣਾਇਆ ਹੈ। ਉਸੇ ਮਾਲ 'ਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਸਥਾਪਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਪ੍ਰੇਮੀ ਨਾਲ ਫ਼ਰਾਰ ਹੋਈ ਧੀ ਨੂੰ ਪਿਓ ਨੇ ਐਲਾਨਿਆ ਮ੍ਰਿਤਕ, ਵੰਡੇ 'ਮ੍ਰਿਤ ਭੋਜ' ਦੇ ਕਾਰਡ

ਹਰਸਿਮਰਤ ਬਾਦਲ ਨੇ ਕੀਤੀ ਨਿਖੇਧੀ

ਇਸ ਸਬੰਧੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਨਿਖੇਧੀ ਕੀਤੀ। ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ ਕਿ ਧੰਨ- ਧੰਨ ਸਿੱਖ ਗੁਰੂ ਸਾਹਿਬਾਨ ਅਤੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ, ਪਰਮ ਸੱਤਾ ਦੇ ਨਿਰਾਕਾਰ ਸਰੂਪ 'ਤੇ ਜ਼ੋਰ ਦਿੰਦੇ ਹਨ। ਇਸੇ ਲਈ ਸਿੱਖ ਮਰਿਆਦਾ ਮੂਰਤੀ ਪੂਜਾ ਤੋਂ ਵਰਜਦੀ ਹੈ। ਪਟਨਾ ਵਿਚ ਅਡਾਨੀ ਦੇ ਮਾਲਕੀਅਤ ਵਾਲੀ ਕੰਪਨੀ ਅੰਬੂਜਾ ਮਾਲ 'ਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਸਥਾਪਤ ਕਰਨਾ ਸਿੱਖ ਮਰਿਆਦਾ ਦੀ ਘੋਰ ਉਲੰਘਣਾ ਹੈ। ਇਸ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

PunjabKesari

ਹਰਸਿਮਰਤ ਬਾਦਲ ਨੇ ਅੱਗੇ ਲਿਖਿਆ ਕਿ ਸਰਕਾਰ ਨੂੰ ਦੋਸ਼ੀਆਂ ਵਿਰੁਧ ਜਲਦ ਤੋਂ ਜਲਦ ਕਾਰਵਾਈ ਕਰਨੀ ਚਾਹੀਦੀ ਹੈ। ਮੈਂ ਸਮੂਹ ਸਿੱਖਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਖਾਲਸਾ ਪੰਥ ਵਿਰੁੱਧ ਸਾਜ਼ਿਸ਼ਾਂ ਦਾ ਮੁਕਾਬਲਾ ਕਰਨ ਲਈ ਇਕਜੁੱਟ ਹੋ ਕੇ ਸਾਡੀ ਧਾਰਮਿਕ ਦ੍ਰਿਸ਼ਟੀ ਅਤੇ ਪਛਾਣ ਨੂੰ ਕਮਜ਼ੋਰ ਕਰਨ ਵਾਲਿਆਂ ਦਾ ਡੱਟ ਕੇ ਵਿਰੋਧ ਕਰਨ।

ਇਹ ਵੀ ਪੜ੍ਹੋ- ਕਰਨਾਟਕ ਜਿੱਤਣ ਮਗਰੋਂ ਕਾਂਗਰਸ ਦਾ ਔਰਤਾਂ ਨੂੰ ਵੱਡਾ ਤੋਹਫ਼ਾ, ਪੂਰੀ ਕੀਤੀ ਇਹ ਗਾਰੰਟੀ


Tanu

Content Editor

Related News