ਸ਼੍ਰੀਨਗਰ ਮੁਕਾਬਲੇ ''ਚ ਮਾਰੇ ਗਏ ਅੱਤਵਾਦੀ ਕਰਨ ਵਾਲੇ ਵੱਡਾ ਹਮਲਾ : ਫ਼ੌਜ
Wednesday, Dec 30, 2020 - 06:16 PM (IST)
ਸ਼੍ਰੀਨਗਰ- ਫ਼ੌਜ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਬਾਹਰੀ ਇਲਾਕੇ 'ਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ 'ਚ ਮਾਰੇ ਗਏ ਅੱਤਵਾਦੀ ਸ਼੍ਰੀਨਗਰ-ਬਾਰਾਮੂਲਾ ਰਾਜਮਾਰਗ 'ਤੇ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਕਿਲੋ ਫੋਰਸ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀ.ਓ.ਸੀ.) ਮੇਜਰ ਜਨਰਲ ਐੱਚ.ਐੱਸ. ਸਾਹੀ ਨੇ ਦੱਸਿਆ ਕਿ ਪਾਕਿਸਤਾਨ ਕਸ਼ਮੀਰ 'ਚ ਅਸ਼ਾਂਤੀ ਫੈਲਾਉਣ ਲਈ ਵੱਧ ਤੋਂ ਵੱਧ ਅੱਤਵਾਦੀਆਂ ਨੂੰ ਇਸ ਵੱਲ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਵੱਖ-ਵੱਖ ਸੁਰੱਖਿਆ ਦਸਤਿਆਂ ਅਤੇ ਏਜੰਸੀਆਂ ਦਰਮਿਆਨ ਤਾਲਮੇਲ ਨਾਲ ਇਕ ਸੁਰੱਖਿਆ ਘੇਰਾ (ਗਰਿੱਡ) ਬਣਾਇਆ ਹੈ, ਜਿਸ ਨਾਲ ਘਾਟੀ ਦੀ ਸ਼ਾਂਤੀ 'ਚ ਰੁਕਾਵਟ ਪਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਅਸਫ਼ਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੇਂਦਰ ਅਤੇ ਕਿਸਾਨਾਂ ਵਿਚਾਲੇ ਅੱਜ ਹੋਵੇਗੀ ਗੱਲਬਾਤ, ਕਿਸਾਨ ਆਗੂ ਬੋਲੇ- ਸੋਧ ਮਨਜ਼ੂਰ ਨਹੀਂ
ਮੇਜਰ ਜਨਰਲ ਸਾਹੀ ਨੇ ਬੁੱਧਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ,''ਜੇਕਰ ਅਸੀਂ ਅੱਤਵਾਦੀਆਂ ਕੋਲ ਹਥਿਆਰਾਂ ਅਤੇ ਗੋਲਾ-ਬਾਰੂਦ ਦੇ ਜ਼ਖੀਰੇ ਨੂੰ ਦੇਖਦੇ ਹਾਂ, ਜਿਨ੍ਹਾਂ ਦੇ ਉਨ੍ਹਾਂ ਨੇ ਰਾਤ ਭਰ ਸੁਰੱਖਿਆ ਦਸਤਿਆਂ ਵਿਰੁੱਧ ਇਸਤੇਮਾਲ ਕੀਤਾ ਤਾਂ ਇਹ ਸੰਕੇਤ ਮਿਲਦਾ ਹੈ ਕਿ ਉਹ ਰਾਸ਼ਟਰੀ ਰਾਜਮਾਰਗ 'ਤੇ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ।'' ਸ਼੍ਰੀਨਗਰ ਅਤੇ ਉਸ ਦੇ ਬਾਹਰੀ ਇਲਾਕਿਆਂ 'ਚ ਅੱਤਵਾਦੀਆਂ ਦੀ ਮੌਜੂਦਗੀ ਵਧਣ ਦੇ ਕਾਰਨ ਬਾਰੇ ਇਕ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਤਰਾਂ 'ਚ ਮਿਸ਼ਰਿਤ ਆਬਾਦੀ ਕਾਰਨ ਅੱਤਵਾਦੀ ਇੱਥੇ ਲੁਕਣਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਇਲਾਕੇ ਉਨ੍ਹਾਂ ਲਈ ਸੁਰੱਖਿਅਤ ਹਨ, ਕਿਉਂਕਿ ਇੱਥੇ ਸੰਘਣੀ ਆਬਾਦੀ ਹੈ। ਉਨ੍ਹਾਂ ਨੇ ਕਿਹਾ ਕਿ ਦੂਜਾ ਕਾਰਨ ਇਹ ਹੈ ਕਿ ਸ਼੍ਰੀਨਗਰ ਮੁੱਖ ਸ਼ਹਿਰ ਇਨ੍ਹਾਂ ਇਲਾਕਿਆਂ ਦੇ ਨੇੜੇ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀਨਗਰ 'ਚ ਸੁਰੱਖਿਆ ਦਸਤਿਆਂ 'ਤੇ ਹਮਲਾ ਧਿਆਨ ਆਕਰਸ਼ਿਤ ਕਰਦਾ ਹੈ ਅਤੇ ਅੱਤਵਾਦੀ ਵੱਧ ਨੁਕਸਾਨ ਪਹੁੰਚਾਉਣ ਅਤੇ ਪ੍ਰਚਾਰ ਹਾਸਲ ਕਰਨ ਲਈ ਇੱਥੇ ਹਮਲਾ ਕਰਦੇ ਹਨ। ਸੁਰੱਖਿਆ ਦਸਤਿਆਂ ਨੇ ਹਾਲਾਂਕਿ ਸ਼ਹਿਰ 'ਚ ਆਏ ਅੱਤਵਾਦੀਆਂ ਨੂੰ ਮੁਕਾਬਲਿਆਂ 'ਚ ਮਾਰ ਸੁੱਟਿਆ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਹੋਰ ਵੱਡਾ ਬਣਿਆ ਮੰਚ, ਲੰਬੀ ਲੜਾਈ ਦੀ ਤਿਆਰੀ
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ