ਤਹੀ ਪ੍ਰਕਾਸ ਹਮਾਰਾ ਭਯੋ।। ਪਟਨਾ ਸਹਰ ਬਿਖੈ ਭਵ ਲਯੋ।।
Tuesday, Jan 19, 2021 - 10:15 AM (IST)
ਸ੍ਰੀ ਪਟਨਾ ਸਾਹਿਬ (ਰਣਦੀਪ ਸਿੰਘ, ਨਵਜੋਤ ਕੌਰ)- ਸ੍ਰੀ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਖਾਸ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਕੜਾਕੇ ਦੀ ਠੰਡ ਦੇ ਬਾਵਜੂਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਟਨਾ ਸਾਹਿਬ ਵਿਖੇ ਲਗਾਤਾਰ ਸੰਗਤ ਪਹੁੰਚ ਰਹੀ ਹੈ। ਬੇਸ਼ੱਕ ਹਰ ਸਾਲ ਦੀ ਤਰ੍ਹਾਂ ਸੰਗਤ ’ਚ ਗੁਰਪੁਰਬ ਦਿਹਾੜੇ ਮੌਕੇ ਪਹਿਲਾਂ ਵਾਂਗ ਉਤਸ਼ਾਹ ਹੈ ਪਰ ਕੋਰੋਨਾ ਮਹਾਮਾਰੀ ਤੇ ਕਿਸਾਨਾਂ ਵਲੋਂ ਖੇਤੀ ਸਬੰਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਤੇ ਜਾ ਰਹੇ ਧਰਨਿਆਂ ਦਾ ਅਸਰ ਪਟਨਾ ਸਾਹਿਬ ਵਿਖੇ ਵੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਣ ਟੈਂਟ ਸਿਟੀ ਤੇ ਸੰਗਤ ਦੀ ਸਹੂਲਤ ਲਈ ਟਰਾਂਸਪੋਰਟ ਦਾ ਕੋਈ ਖਾਸ ਇੰਤਜ਼ਾਮ ਨਹੀਂ ਕੀਤਾ ਗਿਆ। ਪਰ ਇਸ ਬਾਰੇ ਸੰਗਤ ਦਾ ਕਹਿਣਾ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਕੀਤੀਆਂ ਪਿਛਲੇ ਸਮੇਂ ਦੀਆਂ ਸੇਵਾਵਾਂ ਤੇ ਇੰਤਜ਼ਾਮ ਇਸ ਘਾਟ ਨੂੰ ਵੀ ਪੂਰਾ ਕਰਦੇ ਹਨ। ਸੰਗਤ ਦੀ ਸਹੂਲਤ ਲਈ ਸ੍ਰੀ ਪਟਨਾ ਸਾਹਿਬ ਗੁਰਦੁਆਰਾ ਕਮੇਟੀ ਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਕੁਝ ਗੱਡੀਆਂ ਦੇ ਇੰਤਜ਼ਾਮ ਕੀਤੇ ਗਏ ਹਨ, ਜਿਸ ਰਾਹੀਂ ਸੰਗਤ ਏਅਰਪੋਰਟ ਤੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੀ ਹੈ। ਇਸ ਤੋਂ ਇਲਾਵਾ ਏਅਰਪੋਰਟ ਅਤੇ ਵੱਖ-ਵੱਖ ਗੁਰਧਾਮਾਂ ਵਿਖੇ ਫਰੀ ਮੈਡੀਕਲ ਸੇਵਾਵਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਪ੍ਰਸ਼ਾਸ਼ਨ ਵੱਲੋਂ ਸਫਾਈ, ਟਰੈਫਿਕ ਕੰਟਰੋਲ ਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਇਸ ਵਾਰ 18 ਤੋਂ 20 ਜਨਵਰੀ ਤੱਕ ਧਾਰਮਿਕ ਸਮਾਗਮ ਉਲੀਕੇ ਗਏ ਹਨ। ਜਿਸ ’ਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਤੇ ਕਵੀ ਹਾਜ਼ਰੀ ਭਰ ਰਹੇ ਹਨ। 19 ਜਨਵਰੀ ਨੂੰ ਗੁਰਦੁਆਰਾ ਗਊਘਾਟ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ’ਚ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ। ਇਹ ਨਗਰ ਕੀਰਤਨ ਅਸ਼ੋਕ ਰਾਜ ਪੱਥ ਤੋਂ ਹੁੰਦੇ ਹੋਏ ਸ਼ਾਮ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਵਿਖੇ ਸੰਪੂਰਨ ਹੋਵੇਗਾ। ਇਸ ਤੋਂ ਇਲਾਵਾ ਸਾਰਾ ਦਿਨ ਧਾਰਮਿਕ ਸਮਾਗਮ ਹੋਣਗੇ। ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਬਹੁਤ ਮਨਮੋਹਕ ਸਜਾਵਟ ਤੇ ਲਾਇਟਿੰਗ ਕੀਤੀ ਗਈ ਹੈ। ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ ਵਿਖੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਤੇ ਬਾਬਾ ਸੁਖਵਿੰਦਰ ਸਿੰਘ ਵਲੋਂ ਰਿਹਾਇਸ਼ ਤੇ ਲੰਗਰ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ। ਗੁਰਦੁਆਰਾ ਕੰਪਲੈਕਸ ਵਿਚ ਪੌਣੇ ਤਿੰਨ ਸੌ ਦੇ ਕਰੀਬ ਕਮਰੇ ਹਨ ਜਿੰਨੀ ਵੀ ਸੰਗਤ ਆਉਂਦੀ ਹੈ ਜ਼ਿਆਦਾਤਰ ਇੱਥੇ ਹੀ ਰਿਹਾਇਸ਼ ਕਰਦੀ ਹੈ ਤੇ ਲੰਗਰ ਛਕਦੀ ਹੈ।
ਗੁਰਪੁਰਬ ਮੌਕੇ ਯੂ. ਕੇ. ਤੋਂ ਪਟਨਾ ਸਾਹਿਬ ਪੁੱਜੀ ਸੰਗਤ
ਦੁਨੀਆ ਭਰ ਤੋਂ ਸੰਗਤ ਦੀ ਪਟਨਾ ਸਾਹਿਬ ਆਮਦ ਜਾਰੀ ਹੈ। ਯੂ. ਕੇ. ਤੋਂ ਪਹੁੰਚੀ ਸੰਗਤ ਪਟਨਾ ਸਾਹਿਬ ਵਿਖੇ ਨਤਮਸਤਕ ਹੋਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੀ ਹੈ ਪਰ ਇੱਥੇ ਪਹੁੰਚ ਕੇ ਉਹ ਮਹਿਸੂਸ ਕਰਦੇ ਨੇ ਕਿ ਯੂ. ਕੇ. ’ਚ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਉਪਰਾਲੇ ਹੋ ਰਹੇ ਹਨ ਪਰ ਪੰਜਾਬ ਦੀ ਬਹੁਤਾਤ ਜਵਾਨੀ ਸਿੱਖੀ ਤੋਂ ਟੁੱਟ ਰਹੀ ਹੈ। ਜਿਸ ਦਾ ਕਾਰਣ ਸਿੱਖੀ ਦੇ ਪ੍ਰਚਾਰ ਦੀ ਕਮੀ ਹੈ।
ਦਿੱਲੀ ਤੋਂ ਪਹੁੰਚੀ ਸੰਗਤ
ਬੇਸ਼ੱਕ ਦਿੱਲੀ ਵਿਚ ਪਿਛਲੇ ਸਮੇਂ ਤੋਂ ਕਿਸਾਨ ਧਰਨਾ ਦੇ ਰਹੇ ਹਨ ਪਰ ਫਿਰ ਵੀ ਸੰਗਤ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ ਦਿਹਾੜਾ ਮਨਾਉਣ ਲਈ ਸਮਾਂ ਕੱਢ ਰਹੀ ਹੈ। ਦਿੱਲੀ ਤੋਂ ਪਟਨਾ ਪਹੁੰਚੇ ਸੰਗਤ ਦੇ ਜਥੇ ਨੇ ਜਿੱਥੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਕਿਸਾਨਾਂ ਦੀ ਜਿੱਤ ਦੀ ਅਰਦਾਸ ਵੀ ਕੀਤੀ। ਇਸ ਦੇ ਨਾਲ ਹੀ ਪੰਜਾਬ ਤੋਂ ਪਟਨਾ ਸਾਹਿਬ ਆਉਣ ਵਾਲੀ ਸੰਗਤ ਦੀ ਕਮੀ ਦੇ ਕਾਰਣ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣੂ ਕਰਵਾਇਆ ਗਿਆ ਹੈ।