ਪ੍ਰਕਾਸ਼ ਪੁਰਬ ਸਮਾਗਮਾਂ ਲਈ ਸ੍ਰੀ ਪਟਨਾ ਸਾਹਿਬ ਬਣ ਗਿਆ ''ਮਿੰਨੀ ਪੰਜਾਬ''

12/29/2016 12:56:39 PM

ਪਟਨਾ— ਸਿੱਖਾਂ ਦੇ ਪੰਜ ਤਖਤ ਸਾਹਿਬਾਨ ''ਚ ਸ਼ਾਮਲ ਅਤੇ ਦੂਜੇ ਤਖਤ ਵਜੋਂ ਜਾਣੇ ਜਾਂਦੇ ਸ੍ਰੀ ਹਰਿਮੰਦਰ ਸਾਹਿਬ ਪਟਨਾ ਜੀ ਵਿਖੇ ਆਯੋਜਿਤ ਕੀਤੇ ਜਾ ਰਹੇ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਲੈ ਕੇ ਸ਼ਹਿਰ ਦਾ ਕੁਝ ਖੇਤਰ ''ਮਿੰਨੀ ਪੰਜਾਬ'' ''ਚ ਤਬਦੀਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਪਟਨਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 350 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਨ੍ਹਾਂ ਸਮਾਗਰਮਾਂ ਲਈ ਬਿਹਾਰ ਦੀ ਨਿਤੀਸ਼ ਕੁਮਾਰ ਸਰਕਾਰ ਵਲੋਂ ਵੱਡੇ ਪੱਧਰ ''ਤੇ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਹਿਰ ਨੂੰ ਕੁਝ ਇਸ ਢੰਗ ਨਾਲ ਸਜਾਇਆ ਗਿਆ ਹੈ ਕਿ ਉਸ ਦਾ ਨਜ਼ਾਰਾ ਪੰਜਾਬ ਵਰਗਾ ਹੀ ਜਾਪਦਾ ਹੈ। ਖਾਸ ਕਰਕੇ ਪਟਨਾ ਤੋਂ ਪਟਨਾ ਸਾਹਿਬ ਤੱਕ ਦੇ ਰਸਤੇ ਨੂੰ ਤਾਂ ''ਮਿੰਨੀ ਪੰਜਾਬ'' ''ਚ ਤਬਦੀਲ ਕਰ ਦਿੱਤਾ ਗਿਆ ਹੈ। ਆਉਣ ਵਾਲੇ ਦੋ ਹਫਤਿਆਂ ਲਈ ਇਸ ਖੇਤਰ ਦਾ ਨਜ਼ਾਰਾ ਇਸੇ ਤਰ੍ਹਾਂ ਦਾ ਰਹੇਗਾ। 

ਦੇਸ਼-ਵਿਦੇਸ਼ ਤੋਂ ਸ਼ਰਧਾਲੂ ਪੁੱਜਣੇ ਸ਼ੁਰੂ
350 ਸਾਲਾ ਸਮਾਗਮਾਂ ''ਚ ਸ਼ਾਮਲ ਹੋਣ ਲਈ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਨੇ ਇੱਥੇ ਪਹੁੰਚਣਾਂ ਸ਼ੁਰੂ ਕਰ ਦਿੱਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਮਾਗਮਾਂ ''ਚ ਆਉਣ ਵਾਲੇ ਬਹੁਤੇ ਯਾਤਰੂ ਇਕ ਜਨਵਰੀ ਤੋਂ ਪਹਿਲਾਂ ਇੱਥੇ ਪਹੁੰਚ ਜਾਣਗੇ। ਪ੍ਰਕਾਸ਼ ਪੁਰਬ ਦੇ ਸਮਾਗਮ 24 ਦਸੰਬਰ ਨੂੰ ਕੱਢੀ ਗਈ ਪ੍ਰਭਾਤਫੇਰੀ ਨਾਲ ਸ਼ੁਰੂ ਹੋ ਗਏ ਹਨ ਅਤੇ ਇਹ ਪ੍ਰਭਾਤਫੇਰੀਆਂ ਦਾ ਸਿਲਸਿਲਾ 30 ਦਸੰਬਰ ਤੱਕ ਜਾਰੀ ਰਹੇਗਾ, ਜਦੋਂਕਿ ਮੁੱਖ ਸਮਾਗਮ 1 ਜਨਵਰੀ ਤੋਂ 5 ਜਨਵਰੀ ਤੱਕ ਹੋਣਗੇ। ਇਸ ਨਜ਼ਰੀਏ ਤੋਂ ਬਹੁਤੇ ਸ਼ਰਧਾਲੂ ਦਸੰਬਰ ਦੇ ਆਖਰ ਤੱਕ ਇਸ ਗੁਰੂ ਕੀ ਨਗਰੀ ''ਚ ਪਹੁੰਚ ਜਾਣਗੇ। ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ''ਚੋਂ ਬਹੁਤਿਆਂ ਨੇ ਆਨ ਲਾਈਨ ਹੀ ਆਪਣੇ ਲਈ ਰਿਹਾਇਸ਼ ਬੁੱਕ ਕਰਵਾ ਲਈ ਹੈ। ਸ਼ਹਿਰ ਦੇ ਪ੍ਰਮੁੱਖ ਹੋਟਲਾਂ ਦੇ ਸਾਰੇ ਕਮਰੇ ਹੁਣ ਤੱਕ ਬੁੱਕ ਹੋ ਚੁੱਕੇ ਹਨ।
ਸਰਕਾਰ ਵਲੋਂ ਉਚੇਚੇ ਤੌਰ ''ਤੇ ਪ੍ਰਕਾਸ਼ ਪੁਰਬ ਸਮਾਗਮਾਂ ਲਈ ਉਸਾਰੇ ਗਏ ਟੈਂਟ-ਸ਼ਹਿਰਾਂ ਦਾ ਬਹੁਤਾ ਹਿੱਸਾ ਵੀ ਸ਼ਰਧਾਲੂਆਂ ਨੇ ਬੁੱਕ ਕਰਵਾ ਲਿਆ ਹੈ। ਰਾਜ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਮਾਗਮਾਂ ''ਚ 5 ਲੱਖ ਦੇ ਕਰੀਬ ਸ਼ਰਧਾਲੂ ਪਹੁੰਚ ਸਕਦੇ ਹਨ, ਜਿਹੜੇ ਸ਼ਰਧਾਲੂਆਂ ਨੇ ਹੁਣ ਤੱਕ ਆਪਣੇ ਲਈ ਰਿਹਾਇਸ਼ਾਂ ਬੁੱਕ ਕਰਵਾਈਆਂ ਹਨ ਉਨ੍ਹਾਂ ''ਚ ਜਿੱਥੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੋਕ ਸ਼ਾਮਲ ਹਨ, ਉੱਥੇ ਇੰਗਲੈਂਡ, ਅਮਰੀਕਾ, ਆਸਟਰੇਲੀਆ, ਕੈਨੇਡਾ, ਨੇਪਾਲ, ਜਰਮਨੀ, ਇਟਲੀ ਆਦਿ ਦੇਸ਼ਾਂ ਦੇ ਸ਼ਰਧਾਲੂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਪਾਕਿਸਤਾਨ, ਅਫਗਾਨਿਸਤਾਨ, ਬੰਗਲਾ ਦੇਸ਼, ਸ਼੍ਰੀਲੰਕਾ ਆਦਿ ਦੇਸ਼ਾਂ ਤੋਂ ਵੀ ਕੁਝ ਸ਼ਰਧਾਲੂ ਪਹੁੰਚ ਸਕਦੇ ਹਨ।
ਸ਼੍ਰੀ ਹਰਿਮੰਦਰ ਸਾਹਿਬ ਦੇ ਨੇੜਲੇ ਖੇਤਰ ਗਾਂਧੀ ਮੈਦਾਨ ''ਚ ਸਥਿਤ ਹੋਟਲ ਮੌਰਿਆ ਦੇ ਮੈਨੇਜਰ ਗਿਰਿਸ਼ ਸਿਨਹਾ ਨੇ ਦੱਸਿਆ ਕਿ ਉਨ੍ਹਾਂ ਦੇ ਹੋਟਲ ਦੇ ਸਾਰੇ 77 ਕਮਰੇ ਪਹਿਲਾਂ ਹੀ ਬੁੱਕ ਹੋ ਚੁੱਕੇ ਹਨ। ਇਸ ਹੋਟਲ ''ਚ ਅਮਰੀਕਾ ਅਤੇ ਕੈਨੇਡਾ ਦੇ ਮਹਿਮਾਨਾਂ ਨੇ ਬੁੱਕਿੰਗ ਕਰਵਾਈ ਹੈ। ਭਾਰਤੀ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਹੋਟਲ ਪਾਟਲੀ ਪੁੱਤਰ ਅਸ਼ੋਕ ਦੇ ਸਾਰੇ 45 ਕਮਰੇ ਬੁੱਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਗਾਂਧੀ ਮੈਦਾਨ ਦੇ ਵੱਡੇ ਖੇਤਰ ਤੋਂ ਇਲਾਵਾ ਕੰਗਣ ਘਾਟ ਅਤੇ ਮਲਾਈ ਚੱਕ ਬਾਈਪਾਸ ਵਿਖੇ ਵੱਡੇ ਟੈਂਟ ਸਿਟੀ ਉਸਾਰੇ ਗਏ ਹਨ।
ਮੁੱਖ ਸਮਾਗਮ ''ਚ ਪੁੱਜਣਗੇ ਮੋਦੀ ਅਤੇ ਬਾਦਲ
350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੇ ਸੰਬੰਧ ''ਚ 5 ਜਨਵਰੀ ਨੂੰ ਮੁੱਖ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਇਹ ਸਮਾਗਮ ਵਿਸ਼ੇਸ਼ ਤੌਰ ''ਤੇ ਉਸਾਰੇ ਗਏ ਵਿਸਾਲ ਪੰਡਾਲ ''ਚ ਹੋਵੇਗਾ ਅਤੇ ਇਸ ਨੂੰ ਸੰਬੋਧਨ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਪੁੱਜਣਗੀਆਂ। ਇਨ੍ਹਾਂ ਸਮਾਗਮਾਂ ਦੇ ਸੰਬੰਧ ''ਚ ਬਿਹਾਰ ਸਰਕਾਰ ਨੇ ਪਹਿਲਾਂ ਹੀ 3 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ। 
ਤਿਆਰ ਹੈ ਪਟਨਾ ਘਾਟ ਸਟੇਸ਼ਨ
ਪ੍ਰਕਾਸ਼ ਪੁਰਬ ਸਮਾਗਮਾਂ ''ਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਪਟਨਾ ਘਾਟ ਵਿਖੇ ਇਕ ਵਿਸ਼ੇਸ਼ ਰੇਲਵੇ ਸਟੇਸ਼ਨ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਸ ਸਟੇਸ਼ਨ ਲਈ ਰੇਲਾਂ ਦੀ ਆਵਾਜਾਈ 26 ਦਸੰਬਰ ਤੋਂ ਸ਼ੁਰੂ ਹੋ ਗਈ ਹੈ। ਪਟਨਾ ਜੰਕਸ਼ਨ ਤੋਂ ਹਰ ਡੇਢ ਘੰਟੇ ਬਾਅਦ ਇਕ ਟਰੇਨ ਪਟਨਾ ਘਾਟ ਲਈ ਚੱਲੇਗੀ। ਪ੍ਰਾਪਤ ਜਾਣਾਕਾਰੀ ਅਨੁਸਾਰ ਸਮਾਗਮ ਦੌਰਾਨ ਰੋਜ਼ਾਨਾ ਇਸ ਰੂਟ ''ਤੇ 7 ਟਰੇਨਾਂ ਚੱਲਿਆ ਕਰਨਗੀਆਂ ਅਤੇ ਇਹ ਆਵਾਜਾਈ 15 ਜਨਵਰੀ ਤੱਕ ਜਾਰੀ ਰਹੇਗੀ। ਰੇਲ ਮੰਤਰਾਲੇ ਅਤੇ ਰੇਲ ਵਿਭਾਗ ਵਲੋਂ ਪਟਨਾ ਦੇ ਸਟੇਸ਼ਨਾਂ ਨੂੰ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ ਹੈ। ਹਰ ਰੇਲਵੇ ਸਟੇਸ਼ਨ ''ਤੇ ਕੰਟਰੋਲ ਰੂਮ ਵੀ ਤਿਆਰ ਕੀਤਾ ਗਿਆ ਹੈ। 
ਸੁਰੱਖਿਆ ਦੇ ਸਖਤ ਪ੍ਰਬੰਧ
ਪ੍ਰਕਾਸ਼ ਪੁਰਬ ਸਮਾਗਮ ਨੂੰ ਲੈ ਕੇ ਪਟਨਾ ''ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਗਾਂਧੀ ਮੈਦਾਨ ਨੇੜੇ ਇਕ ਅਸਥਾਈ ਥਾਣਾ ਵੀ ਕਾਇਮ ਕੀਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਅਤੇ ਟੈਂਟ ਸ਼ਹਿਰਾਂ ਦੇ ਖੇਤਰ ''ਚ ਦਸ ਹਜ਼ਾਰ ਦੇ ਕਰੀਬ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਦੀ ਅਗਵਾਈ ਸਿੱਧੇ ਤੌਰ ''ਤੇ ਡੀ. ਜੀ. ਪੀ. ਦੇ ਹੱਥ ''ਚ ਹੋਵੇਗੀ, ਜਦੋਂ ਕਿ ਮੌਕੇ ''ਤੇ ਆਈ. ਜੀ. ਅਤੇ ਡੀ. ਆਈ. ਜੀ. ਰੈਂਕ ਦੇ ਅਧਿਕਾਰੀ ਤਾਇਨਾਤ ਰਹਿਣਗੇ। ਭੀੜ ਨੂੰ ਕੰਟਰੋਲ ਕਰਨ ਲਈ ਅਤੇ ਕਿਸੇ ਅਣਸੁਖਾਵੀ ਘਟਨਾ ਦੇ ਬਚਾਅ ਲਈ ਸੀ. ਸੀ. ਟੀ. ਵੀ. ਅਤੇ ਵੀਡੀਓ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ। ਪੂਰਾ ਪ੍ਰਸ਼ਾਸਨ ਇਨ੍ਹਾਂ ਸਮਾਗਮਾਂ ਦੇ ਪ੍ਰਬੰਧਾਂ ਲਈ ਦਿਨ-ਰਾਤ ਇਕ ਕਰ ਰਿਹਾ ਹੈ।
ਪੇਸ਼ਕਸ਼ - ਜੁਗਿੰਦਰ ਸੰਧੂ

Related News