ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ
Thursday, Oct 10, 2024 - 05:33 PM (IST)
ਗੋਪੇਸ਼ਵਰ- ਉਤਰਾਖੰਡ ਦੇ ਉੱਚ ਗੜ੍ਹਵਾਲ ਖੇਤਰ 'ਚ ਸਥਿਤ ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸਰਦੀਆਂ ਦੇ ਮੌਸਮ ਲਈ ਵੀਰਵਾਰ ਨੂੰ ਕੀਰਤਨ ਨਾਲ ਸਰਦ ਰੁੱਤ ਬੰਦ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਮੌਕੇ ਚਮੋਲੀ ਜ਼ਿਲ੍ਹੇ 'ਚ ਪਹਾੜ ਦੀ ਚੋਟੀ ’ਤੇ ਸਥਿਤ ਸ੍ਰੀ ਹੇਮਕੁੰਟ ਸਾਹਿਬ ਵਿਖੇ ਅੰਤਿਮ ਅਰਦਾਸ 'ਚ ਢਾਈ ਹਜ਼ਾਰ ਤੋਂ ਵੱਧ ਸੰਗਤ ਨੇ ਸ਼ਮੂਲੀਅਤ ਕੀਤੀ।
ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਅਤੇ ਕਮੇਟੀ ਦੇ ਹੋਰ ਅਧਿਕਾਰੀ ਅਤੇ ਸਥਾਨਕ ਪ੍ਰਸ਼ਾਸਨ ਦੇ ਲੋਕ ਵੀ ਮੌਜੂਦ ਸਨ। ਕਿਵਾੜ ਬੰਦ ਹੋਣ ਤੋਂ ਬਾਅਦ ਸ਼ਰਧਾਲੂਆਂ ਦੇ ਸਮੂਹ ਭਜਨ ਅਤੇ ਕੀਰਤਨ ਗਾਇਨ ਕਰਦੇ ਹੋਏ ਵਾਪਸ ਘੰਗਰੀਆ ਅਤੇ ਗੋਵਿੰਦਘਾਟ ਵੱਲ ਚਲੇ ਗਏ। ਹੇਮਕੁੰਟ ਸਾਹਿਬ ਟਰੱਸਟ ਦੇ ਮੈਨੇਜਰ ਸਰਦਾਰ ਸੇਵਾ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਸੁਹਾਵਣੇ ਮੌਸਮ ਦੌਰਾਨ ਗੁਰਦੁਆਰੇ ਦੇ ਕਿਵਾੜ ਬੰਦ ਕਰ ਦਿੱਤੇ ਗਏ ਸਨ।
ਯਾਤਰਾ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸੰਗਠਿਤ ਢੰਗ ਨਾਲ ਨੇਪੜੇ ਚੜ੍ਹੀ। ਨਰਿੰਦਰ ਸਿੰਘ ਨੇ ਦੱਸਿਆ ਕਿ ਲਗਭਗ 80 ਫੀਸਦੀ ਸ਼ਰਧਾਲੂ ਵੀਰਵਾਰ ਨੂੰ ਗੋਵਿੰਦਘਾਟ ਪਹੁੰਚਣਗੇ ਅਤੇ ਬਾਕੀ ਸ਼ਰਧਾਲੂ ਸ਼ੁੱਕਰਵਾਰ ਨੂੰ ਉਥੇ ਪਹੁੰਚਣਗੇ। ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਤਿਵਾੜੀ ਨੇ ਦੱਸਿਆ ਕਿ ਇਸ ਸਾਲ 1,83,722 ਸ਼ਰਧਾਲੂ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਸਨ ਜਦੋਂਕਿ ਪਿਛਲੇ ਸਾਲ ਕੁੱਲ 1,77,463 ਸ਼ਰਧਾਲੂ ਪਹੁੰਚੇ ਸਨ।