ਸ੍ਰੀ ਗੁਰੂ ਰਵਿਦਾਸ ਮੰਦਰ ਵਿਵਾਦ : ਮੰਗ ਪੂਰੀ ਨਾ ਹੋਈ ਤਾਂ 11 ਸੰਤ ਬੈਠਣਗੇ ਭੁੱਖ ਹੜਤਾਲ 'ਤੇ

8/26/2019 4:03:20 PM


ਨਵੀਂ ਦਿੱਲੀ (ਵਾਰਤਾ)— ਦਿੱਲੀ ਦੇ ਤੁਗਲਕਾਬਾਦ ਵਿਚ ਢਾਹੇ ਗਏ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਮੁੜ ਨਿਰਮਾਣ ਦੀ ਮੰਗ ਨੂੰ ਲੈ ਕੇ ਰਵਿਦਾਸ ਭਾਈਚਾਰੇ ਨੇ 15 ਸਤੰਬਰ ਨੂੰ ਦਿੱਲੀ 'ਚ ਸੰਤ ਸੰਮੇਲਨ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਰਵਿਦਾਸ ਭਾਈਚਾਰੇ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਹ 2 ਅਕਤੂਬਰ ਨੂੰ ਜੰਤਰ-ਮੰਤਰ ਦਿੱਲੀ ਵਿਖੇ 11 ਸੰਤ ਭੁੱਖ ਹੜਤਾਲ 'ਤੇ ਬੈਠਣਗੇ। ਸ੍ਰੀ ਗੁਰੂ ਰਵਿਦਾਸ ਮੰਦਰ ਮੁੜ ਨਿਰਮਾਣ ਸੰਘਰਸ਼ ਕਮੇਟੀ ਵਲੋਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਇੱਥੇ ਜਾਰੀ ਬਿਆਨ ਵਿਚ ਇਹ ਗੱਲ ਆਖੀ। 
ਸਤਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਸੁਦਰਸ਼ਨ ਪਾਰਕ ਗੁਰੂ ਰਵਿਦਾਸ ਧਰਮ ਸਥਾਨ ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਮੁੜ ਨਿਰਮਾਣ ਲਈ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਅਧਿਕਾਰੀਆਂ ਦੀ ਬੈਠਕ ਹੋਈ। ਇਸ ਬੈਠਕ ਵਿਚ ਸਮੂਹ ਮੈਂਬਰਾਂ ਵਲੋਂ ਇਹ ਸੰਕਲਪ ਪਾਸ ਕੀਤਾ ਗਿਆ ਕਿ ਗੁਰੂ ਰਵਿਦਾਸ ਮੰਦਰ ਦਾ ਮੁੜ ਨਿਰਮਾਣ ਅਤੇ 21 ਅਗਸਤ ਨੂੰ ਦਿੱਲੀ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ 96 ਨੌਜਵਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 15 ਸਤੰਬਰ ਨੂੰ ਦਿੱਲੀ ਵਿਚ ਪੂਰੇ ਭਾਰਤ ਤੋਂ ਆਏ ਸੰਤ-ਮਹਾਪੁਰਸ਼ਾਂ ਵਲੋਂ ਸੰਤ ਸੰਮੇਲਨ ਕੀਤਾ ਜਾਵੇਗਾ। ਸਤਵਿੰਦਰ ਹੀਰਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਨੂੰ ਪੂਰਾ ਨਾ ਕੀਤਾ ਤਾਂ 2 ਅਕਤੂਬਰ ਤੋਂ ਜੰਤਰ-ਮੰਤਰ ਨਵੀਂ ਦਿੱਲੀ 'ਚ 11 ਸੰਤ ਭੁੱਖ-ਹੜਤਾਲ 'ਤੇ ਬੈਠਣਗੇ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਸਾਰੇ ਕੇਸ ਆਦਿ ਧਰਮ ਮਿਸ਼ਨ ਵਲੋਂ ਲੜੇ ਜਾਣਗੇ ਅਤੇ ਲੋੜਵੰਦ ਪਰਿਵਾਰਾਂ ਨੂੰ ਵਿੱਤੀ ਮਦਦ ਵੀ ਮੁਹੱਈਆ ਕਰਵਾਈ ਜਾਵੇਗੀ।

ਦੱਸਣਯੋਗ ਹੈ ਕਿ 9 ਅਗਸਤ ਨੂੰ ਸੁਪਰੀਮ ਕੋਰਟ ਨੇ ਦਿੱਲੀ ਵਿਕਾਸ ਅਥਾਰਟੀ (ਡੀ. ਡੀ. ਏ.) ਨੂੰ ਮੰਦਰ ਢਾਹ ਦਾ ਹੁਕਮ ਦਿੱਤਾ ਸੀ। 10 ਅਗਸਤ ਨੂੰ ਡੀ. ਡੀ. ਏ. ਨੇ ਮੰਦਰ ਨੂੰ ਢਾਹ ਦਿੱਤਾ ਸੀ, ਜਿਸ ਤੋਂ ਬਾਅਦ ਰਵਿਦਾਸ ਭਾਈਚਾਰੇ 'ਚ ਗੁੱਸਾ ਹੈ। ਭਾਈਚਾਰੇ ਨੇ 21 ਅਗਸਤ ਨੂੰ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਕਾਰਨ ਕਈਆਂ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਪਹਿਲਾਂ 13 ਅਗਸਤ ਨੂੰ ਪੰਜਾਬ 'ਚ ਵੀ ਬੰਦ ਦੀ ਕਾਲ ਦਿੱਤੀ ਗਈ ਸੀ, ਪੰਜਾਬ ਦੇ ਕਈ ਜ਼ਿਲਿਆਂ 'ਚ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਸੀ।


Tanu

Edited By Tanu