ਲੋਕ ਸਭਾ 'ਚ ਭਾਜਪਾ ਦਾ ਹੀ ਸਪੀਕਰ, ਨਾਇਡੂ ਬੋਲੇ-ਅਹੁਦੇ 'ਚ ਦਿਲਚਸਪੀ ਨਹੀਂ, ਸੂਬੇ ਨੂੰ ਫੰਡ ਚਾਹੀਦੇ!

06/25/2024 10:50:56 AM

ਨੈਸ਼ਨਲ ਡੈਸਕ : 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਆਗਾਜ਼ ਹੋ ਚੁੱਕਾ ਹੈ। ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਸਦਨ 'ਚ ਸਪੀਕਰ ਕਿਸ ਸਿਆਸੀ ਪਾਰਟੀ ਦਾ ਹੋਵੇਗਾ। ਮੰਗਲਵਾਰ ਨੂੰ ਰਾਜਗ ਵੱਲੋਂ ਸਪੀਕਰ ਅਹੁਦੇ ਲਈ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਲਈ ਬੀਤੇ ਹਫ਼ਤੇ ਦੇ ਘਟਨਾਚੱਕਰ ਇਹੀ ਕਹਿ ਰਹੇ ਹਨ ਕਿ ਸਪੀਕਰ ਦੇ ਅਹੁਦੇ 'ਤੇ ਭਾਜਪਾ ਦਾ ਹੀ ਉਮੀਦਵਾਰ ਹੋਵੇਗਾ। 

ਜਨਤਾ ਦਲ ਯੂਨਾਈਟਿਡ (ਜਦ-ਯੂ) ਪਹਿਲਾਂ ਹੀ ਕਹਿ ਚੁੱਕਾ ਹੈ ਕਿ ਲੋਕ ਸਭਾ ਸਪੀਕਰ ਦੇ ਅਹੁਦੇ 'ਤੇ ਦਾਅਵਾ ਸਭ ਤੋਂ ਵੱਡੀ ਪਾਰਟੀ ਦਾ ਹੁੰਦਾ ਹੈ ਅਤੇ ਇਸ ਨਾਤੇ ਉਨ੍ਹਾਂ ਦੀ ਪਾਰਟੀ ਭਾਜਪਾ ਉਮੀਦਵਾਰ ਦਾ ਸਮਰਥਨ ਕਰੇਗੀ। ਦੂਜਾ, ਹੁਣ ਤੇਲਗੂ ਦੇਸਮ ਪਾਰਟੀ (ਟੀ. ਡੀ. ਪੀ.) ਦੇ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਭਾਜਪਾ ਨੂੰ ਸਪੀਕਰ ਚੁਣਨ ਲਈ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਪੀਕਰ ਦੇ ਅਹੁਦੇ 'ਚ ਜ਼ਰਾ ਵੀ ਦਿਲਚਸਪੀ ਨਹੀਂ, ਸਾਨੂੰ ਆਂਧਰਾ ਪ੍ਰਦੇਸ਼ ਲਈ ਫੰਡ ਚਾਹੀਦਾ ਹੈ। ਤਸਵੀਰ ਸਪਸ਼ਟ ਹੈ ਕਿ ਹੁਣ ਪੀ. ਐੱਮ. ਮੋਦੀ ਜਿਸ ਨੂੰ ਚਾਹੁਣਗੇ, ਉਹੀ ਇਸ ਅਹੁਦੇ 'ਤੇ ਬਿਰਾਜਮਾਨ ਹੋਵੇਗਾ।

ਇਹ ਵੀ ਪੜ੍ਹੋ - ਹਰਿਆਣਾ ਸਰਕਾਰ ਨੂੰ ਸੁਪਰੀਮ ਕੋਰਟ ਦਾ ਵੀ ਝਟਕਾ, ਨੌਕਰੀਆਂ ’ਚ 5 ਅੰਕ ਬੋਨਸ ਦੇਣ ਦਾ ਫ਼ੈਸਲਾ ਰੱਦ

ਅਹੁਦੇ ਦੇ ਬਦਲੇ ਸੂਬੇ ਦੇ ਹਿੱਤਾਂ ਨਾਲ ਸਮਝੌਤਾ ਨਹੀਂ
ਦੱਖਣੀ ਭਾਰਤ ਦੇ ਮੀਡੀਆ ਦੀ ਰਿਪੋਰਟ ਮੁਤਾਬਕ ਟੀ. ਡੀ. ਪੀ. ਸੰਸਦੀ ਦਲ ਦੀ ਬੈਠਕ ਦੌਰਾਨ ਉਨ੍ਹਾਂ ਆਪਣੇ ਸੰਸਦ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਸਪੀਕਰ ਦੇ ਅਹੁਦੇ 'ਚ ਕੋਈ ਦਿਲਚਸਪੀ ਨਹੀਂ। ਬੈਠਕ 'ਚ ਸੰਸਦ ਮੈਂਬਰਾਂ ਨੂੰ ਇਸ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਵਿਕਾਸ ਲਈ ਇਸ ਵੇਲੇ ਸਭ ਤੋਂ ਵੱਧ ਲੋੜ ਫੰਡਾਂ ਦੀ ਹੈ ਅਤੇ ਸਪੀਕਰ ਦੇ ਅਹੁਦੇ ਦੇ ਬਦਲੇ ਸੂਬੇ ਦੇ ਹਿੱਤਾਂ ਨਾਲ ਸਮਝੌਤਾ ਕਿਸੇ ਵੀ ਹਾਲਤ 'ਚ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਪਾਰਟੀ ਨੇਤਾਵਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਗੱਲਬਾਤ ਬਾਰੇ ਦੱਸਿਆ। ਰਿਪੋਰਟ ਮੁਤਾਬਕ ਨਾਇਡੂ ਨੇ ਆਪਣੇ ਨੇਤਾਵਾਂ ਨੂੰ ਕਿਹਾ ਕਿ ਅਮਿਤ ਸ਼ਾਹ ਨੂੰ ਉਨ੍ਹਾਂ ਸਪੀਕਰ ਅਹੁਦੇ ਲਈ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ,'ਅਮਿਤ ਸ਼ਾਹ ਨੇ ਸਪੀਕਰ ਦੀ ਚੋਣ ਸਬੰਧੀ ਮੇਰੇ ਨਾਲ ਗੱਲਬਾਤ ਕੀਤੀ। ਮੈਂ ਕਿਹਾ ਕਿ ਟੀ. ਡੀ. ਪੀ. ਨੂੰ ਇਸ ਦੀ ਲੋੜ ਨਹੀਂ ਅਤੇ ਸੂਬੇ ਨੂੰ ਸਿਰਫ ਫੰਡ ਚਾਹੀਦਾ ਹੈ। ਸੂਬਾ ਆਰਥਿਕ ਤੌਰ 'ਤੇ ਬਹੁਤ ਕਮਜ਼ੋਰ ਹੈ। ਮੈਂ ਮਦਦ ਮੰਗੀ। ਮੈਂ ਉਨ੍ਹਾਂ ਨੂੰ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਲੋਕਾਂ ਨੇ ਗੱਠਜੋੜ 'ਤੇ ਵਿਸ਼ਵਾਸ ਕੀਤਾ ਅਤੇ ਉਸ ਨੂੰ ਸੱਤਾ ਦਿੱਤੀ।'

ਇਹ ਵੀ ਪੜ੍ਹੋ - ਕਰਨਾਟਕ ਦੇ ਕਲਬੁਰਗੀ ਹਵਾਈ ਅੱਡੇ 'ਤੇ ਫੈਲੀ ਸਨਸਨੀ, ਮਿਲੀ ਬੰਬ ਦੀ ਧਮਕੀ, ਫਲਾਈਟ ਤੋਂ ਉਤਾਰੇ ਯਾਤਰੀ

ਟੀ. ਡੀ. ਪੀ. ਦੇ ਸੰਸਦ ਮੈਂਬਰ ਕੇਂਦਰ ਤੋਂ ਜੁਟਾਉਣਗੇ ਪੈਸਾ
ਨਾਇਡੂ ਨੇ ਸੰਸਦੀ ਦਲ ਦੀ ਬੈਠਕ ਵਿਚ ਕਿਹਾ ਕਿ ਜੇ ਅਸੀਂ ਅਹੁਦਾ ਮੰਗਾਂਗੇ ਤਾਂ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚੇਗਾ। ਸੂਬੇ ਦਾ ਹਿੱਤ ਸਾਡੇ ਲਈ ਅਹਿਮ ਹੈ। ਮੈਂ ਹਰ ਸੰਸਦ ਮੈਂਬਰ ਨੂੰ 3 ਵਿਭਾਗ ਅਲਾਟ ਕਰਾਂਗਾ। ਤੁਹਾਨੂੰ ਸਬੰਧਤ ਵਿਭਾਗਾਂ 'ਚ ਸੂਬੇ ਲਈ ਪੈਸਾ ਤੇ ਯੋਜਨਾਵਾਂ ਲਿਆਉਣੀਆਂ ਪੈਣਗੀਆਂ। ਚੰਦਰਬਾਬੂ ਨਾਇਡੂ ਨੇ ਟੀ. ਡੀ. ਪੀ. ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਜਿਹੜੇ ਵਿਭਾਗ ਸੌਂਪੇ ਜਾਣਗੇ, ਉਨ੍ਹਾਂ ਨੂੰ ਸਬੰਧਤ ਵਿਭਾਗ ਦੇ ਮੰਤਰੀਆਂ ਨਾਲ ਗੱਲ ਕਰਨੀ ਪਵੇਗੀ ਅਤੇ ਤਾਲਮੇਲ ਬਣਾਉਣਾ ਪਵੇਗਾ। ਟੀ. ਡੀ. ਪੀ. ਕੋਲ ਲੋਕ ਸਭਾ ਵਿਚ 16 ਸੰਸਦ ਮੈਂਬਰਾਂ ਦੀ ਤਾਕਤ ਹੈ। ਇਸ ਲਈ ਸੂਬੇ ਦੇ ਹਿੱਤ ਲਈ ਜ਼ਿਆਦਾ ਪੈਸਾ ਹਾਸਲ ਕਰਨ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। ਇਹ ਸੰਸਦ ਮੈਂਬਰਾਂ ਦੀ ਪਹਿਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਆਂਧਰਾ ਪ੍ਰਦੇਸ਼ ਦਾ ਮਤਲਬ ਅਮਰਾਵਤੀ ਤੇ ਪੋਲਾਵਰਮ ਹੈ। ਇਸ ਲਈ ਇਹ ਦੋਵਾਂ ਸੂਬਿਆਂ ਲਈ ਅਹਿਮ ਹੈ ਅਤੇ ਅਸੀਂ ਇਨ੍ਹਾਂ ਨੂੰ ਤਰਜੀਹ ਦੇ ਰਹੇ ਹਾਂ।

ਸੂਬਾ ਸਰਕਾਰ ਨੇ ਕੇਂਦਰ ਸਾਹਮਣੇ ਰੱਖੀਆਂ ਹਨ ਮੰਗਾਂ
ਸੰਸਦੀ ਦਲ ਦੀ ਬੈਠਕ ਵਿਚ ਆਂਧਰਾ ਪ੍ਰਦੇਸ਼ ਸਰਕਾਰ ਦੇ ਵਿੱਤ ਮੰਤਰੀ ਪਯਾਵੁਲਾ ਕੇਸ਼ਵ ਨੇ ਦੱਸਿਆ ਕਿ ਉਨ੍ਹਾਂ ਬਜਟ ਤੋਂ ਪਹਿਲਾਂ ਸਲਾਹ-ਮਸ਼ਵਰੇ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਸਾਹਮਣੇ 5 ਮੰਗਾਂ ਰੱਖੀਆਂ ਹਨ, ਜਿਨ੍ਹਾਂ ਵਿਚ ਅਮਰਾਵਤੀ ਤੇ ਪੋਲਾਵਰਮ ਲਈ ਪੈਸੇ ਦੀ ਮੰਗ ਮੁੱਖ ਸੀ। ਟੀ. ਡੀ. ਪੀ. ਸਰਕਾਰ ਨੇ ਕੇਂਦਰ ਤੋਂ ਆਗਾਮੀ ਕੇਂਦਰੀ ਬਜਟ 2024-25 ’ਚ ਖ਼ਾਸ ਤੌਰ 'ਤੇ ਸੂਬੇ ਲਈ ਵਿਕਾਸ ਸਹਾਇਤਾ ਮੰਗੀ ਹੈ। ਹਾਲਾਂਕਿ ਇਸ ਦੇ ਲਈ ਕਿੰਨਾ ਫੰਡ ਚਾਹੀਦਾ ਹੈ, ਇਹ ਨਹੀਂ ਦੱਸਿਆ ਗਿਆ ਪਰ ਸਰਕਾਰ ਨੇ 2014 'ਚ ਸੂਬੇ ਦੀ ਵੰਡ ਤੋਂ ਬਾਅਦ ਹੋਏ ਆਰਥਿਕ ਨੁਕਸਾਨ ਬਾਰੇ ਨਹੀਂ ਦੱਸਿਆ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਵਿੱਤ ਮੰਤਰੀ ਨੇ ਕੇਂਦਰ ਵੱਲੋਂ ਸਪਾਂਸਰਡ ਯੋਜਨਾਵਾਂ ਨੂੰ ਕੇਂਦਰ ਤੇ ਸੂਬੇ ਵਿਚਾਲੇ 90:10 ਦੇ ਅਨੁਪਾਤ 'ਚ ਫੰਡਿੰਗ ਕਰਨ ਦਾ ਸੁਝਾਅ ਦਿੱਤਾ ਹੈ।

ਇਹ ਵੀ ਪੜ੍ਹੋ - ਪੇਪਰ ਲੀਕ ਮਾਮਲੇ ਦੀ ਜਾਂਚ ਲਈ ਨਵਾਦਾ ਪੁੱਜੀ CBI ਟੀਮ 'ਤੇ ਹਮਲਾ, ਵਾਹਨਾਂ ਦੀ ਕੀਤੀ ਭੰਨਤੋੜ, 4 ਲੋਕ ਗ੍ਰਿਫ਼ਤਾਰ

ਅਮਰਾਵਤੀ ਦੇ ਵਿਕਾਸ ਲਈ ਚਾਹੀਦੇ ਹਨ 1 ਲੱਖ ਕਰੋੜ ਰੁਪਏ
ਚੰਦਰਬਾਬੂ ਨਾਇਡੂ ਦਾ ਪੂਰਾ ਫੋਕਸ ਇਸ ਵੇਲੇ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਅਮਰਾਵਤੀ ਦੇ ਵਿਕਾਸ ਵੱਲ ਹੈ। ਇਸ ਲਈ ਉਨ੍ਹਾਂ ਦੀ ਕੇਂਦਰ ਤੋਂ ਸਭ ਤੋਂ ਵੱਡੀ ਮੰਗ ਅਮਰਾਵਤੀ ਨੂੰ ਵਿਕਸਿਤ ਕਰਨ ਲਈ ਫੰਡਾਂ ਦੀ ਹੈ। ਸੂਬਾ ਸਰਕਾਰ ਨੇ ਇਸ ਦੇ ਬੁਨਿਆਦੀ ਢਾਂਚੇ ਲਈ ਕੇਂਦਰ ਕੋਲ 15 ਹਜ਼ਾਰ ਕਰੋੜ ਰੁਪਏ ਅਲਾਟ ਕਰਨ ਦੀ ਵੀ ਮੰਗ ਰੱਖੀ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰਾਵਤੀ ਸ਼ਹਿਰ ਨੂੰ ਵਿਕਸਿਤ ਕਰਨ ਲਈ ਲੱਗਭਗ 1 ਲੱਖ ਕਰੋੜ ਰੁਪਏ ਦੀ ਲੋੜ ਪਵੇਗੀ, ਜਿਸ ਵਿਚ ਰਾਜ ਭਵਨ, ਹਾਈ ਕੋਰਟ, ਸਕੱਤਰੇਤ, ਵਿਧਾਨ ਸਭਾ ਤੇ ਪ੍ਰੀਸ਼ਦ ਦੇ ਨਾਲ-ਨਾਲ ਭੂਮੀ ਵਿਕਾਸ ਤੇ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਲ ਹੋ ਸਕਦਾ ਹੈ। ਇਨ੍ਹਾਂ ’ਤੇ ਹੀ ਅਗਲੇ 5 ਸਾਲਾਂ ’ਚ ਇਹ ਲਾਗਤ 50,000 ਕਰੋੜ ਰੁਪਏ ਤੋਂ ਵੱਧ ’ਤੇ ਪਹੁੰਚ ਜਾਵੇਗੀ।

ਕੌਮੀ ਸਿੰਚਾਈ ਪ੍ਰਾਜੈਕਟ ਲਈ ਚਾਹੀਦੀ ਹੈ ਮਲਟੀ ਯੀਅਰ ਐਲੋਕੇਸ਼ਨ
ਆਂਧਰਾ ਪ੍ਰਦੇਸ਼ ਨੇ ਪੋਲਾਵਰਮ ਕੌਮੀ ਸਿੰਚਾਈ ਪ੍ਰਾਜੈਕਟ ਲਈ ਮਲਟੀ ਯੀਅਰ ਐਲੋਕੇਸ਼ਨ ਵੀ ਮੰਗੀ ਹੈ, ਜਿਸ ਨਾਲ ਸੂਬੇ ਦੀਆਂ ਪੀਣ ਵਾਲੇ ਪਾਣੀ, ਸਿੰਚਾਈ ਤੇ ਬਿਜਲੀ ਦੀਆਂ ਲੋੜਾਂ ਨੂੰ ਪੂਰਾ ਕੀਤੇ ਜਾਣ ਦੀ ਉਮੀਦ ਹੈ। 2019 ’ਚ ਪ੍ਰਾਜੈਕਟ ਦੀ ਕੁਲ ਲਾਗਤ ਲੱਗਭਗ 55,500 ਕਰੋੜ ਰੁਪਏ ਸੀ। ਇਨ੍ਹਾਂ ਤੋਂ ਇਲਾਵਾ ਹੋਰ ਮੰਗਾਂ ਵੀ ਆਂਧਰਾ ਪ੍ਰਦੇਸ਼ ਦੇ ਵਿਕਾਸ ਅਤੇ ਉਦਯੋਗਿਕ ਢਾਂਚੇ ਨੂੰ ਮਜ਼ਬੂਤ ਕਰਨ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵਿਚ ਓਡਿਸ਼ਾ ਦੀ ਕੋਰਾਪੁਟ-ਬੋਲੰਗੀਰ-ਕਾਲਾਹਾਂਡੀ ਵਿਸ਼ੇਸ਼ ਯੋਜਨਾ ਵਾਂਗ ਆਂਧਰਾ ਪ੍ਰਦੇਸ਼ ਦੇ ਉੱਤਰ-ਤੱਟੀ ਰਾਇਲਸੀਮਾ ਤੇ ਪ੍ਰਕਾਸ਼ਮ ਜ਼ਿਲ੍ਹੇ ਲਈ ਵਿਸ਼ੇਸ਼ ਯੋਜਨਾ ਦੀ ਮੰਗ ਕੇਂਦਰ ਕੋਲ ਕੀਤੀ ਗਈ ਹੈ। ਆਂਧਰਾ ਪ੍ਰਦੇਸ਼ ਨੇ ਕੇਂਦਰ ਕੋਲ ਮੰਗ ਰੱਖੀ ਹੈ ਕਿ ਸੂਬੇ ਭਰ 'ਚ ਉਦਯੋਗਿਕ ਪਾਰਕਾਂ ਦੇ ਵਿਕਾਸ ਲਈ ਸਹਾਇਤਾ ਰਾਸ਼ੀ ਦਿੱਤੀ ਜਾਵੇ ਅਤੇ ਵਿਸ਼ਾਖਾਪਟਨਮ-ਚੇਨਈ ਇੰਡਸਟ੍ਰੀਅਲ ਕੋਰੀਡੋਰ ਤੇ ਹੈਦਰਾਬਾਦ-ਬੈਂਗਲੁਰੂ ਇੰਡਸਟ੍ਰੀਅਲ ਕੋਰੀਡੋਰ ਤਹਿਤ ਸੂਬੇ ਦੇ ਵਿਕਾਸ 'ਤੇ ਜ਼ੋਰ ਦਿੱਤਾ ਜਾਵੇ।

ਇਹ ਵੀ ਪੜ੍ਹੋ - ਵੱਡੀ ਖ਼ਬਰ : PM ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ, ਕਿਸਾਨਾਂ ਦੇ ਖਾਤਿਆਂ 'ਚ ਆਏ 2-2 ਹਜ਼ਾਰ ਰੁਪਏ

ਡਿਪਟੀ ਸਪੀਕਰ ਅਹੁਦੇ ਸਬੰਧੀ ਕਾਂਗਰਸ ਦੀ ਰਣਨੀਤੀ
ਕਾਂਗਰਸ ਦੇ ਅੰਦਰੋਂ ਵੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਭਾਜਪਾ ਦੇ ਇਸ ਪ੍ਰਸਤਾਵ 'ਤੇ ਕਾਂਗਰਸ ਨੇ ਲੋਕ ਸਭਾ ਦੇ ਡਿਪਟੀ ਸਪੀਕਰ ਅਹੁਦੇ ਸਬੰਧੀ ਸ਼ਰਤ ਰੱਖ ਦਿੱਤੀ ਹੈ। ਅਸਲ 'ਚ ਕੋਈ ਸੰਵਿਧਾਨਕ ਮਜਬੂਰੀ ਨਾ ਹੋਣ ਦੇ ਬਾਵਜੂਦ ਇਹ ਭਾਰਤ ਦੀ ਸੰਸਦੀ ਰਵਾਇਤ ਰਹੀ ਹੈ ਕਿ ਲੋਕ ਸਭਾ ਸਪੀਕਰ ਸੱਤਾ ਧਿਰ 'ਚੋਂ ਚੁਣਿਆ ਜਾਂਦਾ ਹੈ ਅਤੇ ਡਿਪਟੀ ਸਪੀਕਰ ਵਿਰੋਧੀ ਖੇਮੇ 'ਚੋਂ ਹੁੰਦਾ ਹੈ ਪਰ 2014 ਵਿਚ ਭਾਜਪਾ ਨੇ ਇਹ ਅਹੁਦਾ ਕਾਂਗਰਸੀ ਖੇਮੇ ਵਿਚ ਨਹੀਂ ਜਾਣ ਦਿੱਤਾ ਅਤੇ ਏ. ਆਈ. ਏ. ਡੀ. ਐੱਮ. ਕੇ. ਦੇ ਐੱਮ. ਥੰਬੀਦੁਰਈ ਨੂੰ ਇਸ ਅਹੁਦੇ 'ਤੇ ਬਿਠਾਉਣ ਵਿਚ ਮਦਦ ਕੀਤੀ।

2019 ਤੋਂ 2024 ਅਰਥਾਤ 17ਵੀਂ ਲੋਕ ਸਭਾ ਦੌਰਾਨ ਲੋਕ ਸਭਾ ਦੇ ਡਿਪਟੀ ਸਪੀਕਰ ਅਹੁਦੇ ਲਈ ਚੋਣ ਹੀ ਨਹੀਂ ਕਰਵਾਈ ਗਈ ਅਤੇ ਇਹ ਅਹੁਦਾ ਖਾਲੀ ਰਿਹਾ। ਭਾਜਪਾ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਪਾਰਟੀ ਵਿਚ ਹੁਣ ਤਕ ਕਾਂਗਰਸ ਵੱਲੋਂ ਲੋਕ ਸਭਾ ਦੇ ਡਿਪਟੀ ਸਪੀਕਰ ਅਹੁਦੇ ਦੀ ਮੰਗ ਸਬੰਧੀ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ। ਹੁਣ ਇਹ ਦੇਖਣਾ ਹੈ ਕਿ ਕੀ ਇਸ ਵਾਰ ਵੀ ਇਹ ਅਹੁਦਾ ਖਾਲੀ ਰਹੇਗਾ ਜਾਂ ਨਹੀਂ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਡਿਪਟੀ ਸਪੀਕਰ ਦਾ ਅਹੁਦਾ ਜੇ ਵਿਰੋਧੀ ਧਿਰ ਨੂੰ ਨਹੀਂ ਮਿਲਦਾ ਤਾਂ ਸਪੀਕਰ ਦੀ ਚੋਣ ਆਮ ਸਹਿਮਤੀ ਨਾਲ ਨਹੀਂ ਹੋ ਸਕੇਗੀ ਅਤੇ ਇਸ ਅਹੁਦੇ ਲਈ ਐੱਨ. ਡੀ. ਏ. ਦੇ ਉਮੀਦਵਾਰ ਨੂੰ ਇੰਡੀਆ ਗੱਠਜੋੜ ਦੇ ਉਮੀਦਵਾਰ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News