ਪੁੱਤ ਦੇ ਪਿਆਰ ''ਚ ਅੰਨ੍ਹੀ ਹੋਈ ਮਾਂ ! ਇਲਾਜ ਲਈ ਧੀ ਦੀ ਦੇ''ਤੀ ਬਲੀ

Thursday, Apr 02, 2026 - 10:19 AM (IST)

ਪੁੱਤ ਦੇ ਪਿਆਰ ''ਚ ਅੰਨ੍ਹੀ ਹੋਈ ਮਾਂ ! ਇਲਾਜ ਲਈ ਧੀ ਦੀ ਦੇ''ਤੀ ਬਲੀ

ਹਜ਼ਾਰੀਬਾਗ- ਝਾਰਖੰਡ ਦੇ ਹਜ਼ਾਰੀਬਾਗ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਮਾਂ ਨੇ ਆਪਣੇ ਪੁੱਤਰ ਦੀ ਬੀਮਾਰੀ ਠੀਕ ਕਰਨ ਦੇ ਲਾਲਚ 'ਚ ਆਪਣੀ ਹੀ ਧੀ ਦੀ ਬਲੀ ਦੇ ਦਿੱਤੀ। ਪੁਲਸ ਨੇ ਇਸ ਮਾਮਲੇ 'ਚ ਕੁੜੀ ਦੀ ਮਾਂ, ਇਕ ਮਹਿਲਾ ਤਾਂਤਰਿਕ ਅਤੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁੱਤਰ ਦੀ ਬੀਮਾਰੀ ਦੇ ਇਲਾਜ ਲਈ ਦਿੱਤੀ ਬਲੀ 

ਪੁਲਸ ਅਨੁਸਾਰ, ਕੁਸੁੰਭਾ ਪਿੰਡ ਦੀ ਰਹਿਣ ਵਾਲੀ ਰੇਸ਼ਮੀ ਦੇਵੀ ਦਾ ਸਭ ਤੋਂ ਛੋਟਾ ਪੁੱਤਰ ਮਾਨਸਿਕ ਅਤੇ ਸਰੀਰਕ ਤੌਰ 'ਤੇ ਬਿਮਾਰ ਸੀ। ਉਹ ਉਸਦੇ ਇਲਾਜ ਲਈ ਅਕਸਰ ਪਿੰਡ ਦੀ ਹੀ ਇਕ 55 ਸਾਲਾ ਤਾਂਤਰਿਕ ਸ਼ਾਂਤੀ ਦੇਵੀ ਕੋਲ ਜਾਂਦੀ ਸੀ। ਤਾਂਤਰਿਕ ਨੇ ਰੇਸ਼ਮੀ ਦੇਵੀ ਨੂੰ ਭਰਮਾਇਆ ਕਿ ਜੇਕਰ ਉਹ ਕਿਸੇ 'ਕੁਆਰੀ ਕੁੜੀ' ਦੀ ਬਲੀ ਦਿੰਦੀ ਹੈ, ਤਾਂ ਉਸ ਦਾ ਪੁੱਤਰ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ।

24 ਮਾਰਚ ਦੀ ਰਾਤ ਨੂੰ ਦਿੱਤਾ ਵਾਰਦਾਤ ਨੂੰ ਅੰਜਾਮ 

ਇਹ ਘਿਨਾਉਣੀ ਵਾਰਦਾਤ 24 ਮਾਰਚ ਦੀ ਰਾਤ ਨੂੰ ਹੋਈ। ਜਦੋਂ ਪੂਰਾ ਪਿੰਡ ਉਤਸਵ 'ਚ ਡੁੱਬਿਆ ਹੋਇਆ ਸੀ ਅਤੇ ਰਾਮ ਨੌਮੀ ਦੀ ਸ਼ੋਭਾ ਯਾਤਰਾ ਵੇਖ ਰਿਹਾ ਸੀ, ਤਾਂ ਰੇਸ਼ਮੀ ਦੇਵੀ ਅਤੇ ਭੀਮ ਰਾਮ ਨਾਮਕ ਵਿਅਕਤੀ ਨੇ ਤਾਂਤਰਿਕ ਸ਼ਾਂਤੀ ਦੇਵੀ ਦੇ ਘਰ ਕੁੜੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਤਾਂਤਰਿਕ ਨੇ ਕੁੜੀ 'ਤੇ ਕਾਫੀ ਜ਼ੁਲਮ ਕੀਤੇ ਅਤੇ ਭੀਮ ਰਾਮ ਨੇ ਬਲੀ ਦੇ ਰੀਤੀ-ਰਿਵਾਜਾਂ ਲਈ ਖੂਨ ਕੱਢਣ ਵਾਸਤੇ ਲੜਕੀ ਦੇ ਸਿਰ 'ਤੇ ਹਮਲਾ ਕੀਤਾ ਸੀ। ਕਤਲ ਤੋਂ ਬਾਅਦ ਕੁੜੀ ਦੀ ਲਾਸ਼ ਨੂੰ ਇਕ ਬਗੀਚੇ 'ਚ ਦਫਨਾ ਦਿੱਤਾ ਗਿਆ।

ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ 

ਸ਼ੁਰੂਆਤ 'ਚ, ਮੁਲਜ਼ਮਾਂ ਨੇ ਇਸ ਨੂੰ ਜਬਰ ਜ਼ਿਨਾਹ ਅਤੇ ਕਤਲ ਦਾ ਰੂਪ ਦੇ ਕੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਮਾਂ ਨੇ ਦੋਸ਼ ਲਾਇਆ ਸੀ ਕਿ ਉਸ ਦੀ ਧੀ ਨੂੰ ਅਗਵਾ ਕੀਤਾ ਗਿਆ ਸੀ। ਹਾਲਾਂਕਿ, ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟਾਂ 'ਚ ਜਬਰ ਜ਼ਿਨਾਹ ਦੀ ਪੁਸ਼ਟੀ ਨਹੀਂ ਹੋਈ, ਜਿਸ ਤੋਂ ਬਾਅਦ ਪੁਲਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਅਤੇ ਸੱਚ ਸਾਹਮਣੇ ਆ ਗਿਆ।

ਹਾਈ ਕੋਰਟ ਨੇ ਲਿਆ ਸਖ਼ਤ ਨੋਟਿਸ 

ਝਾਰਖੰਡ ਹਾਈ ਕੋਰਟ ਨੇ ਇਸ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਸੂਬਾ ਪ੍ਰਸ਼ਾਸਨ ਅਤੇ ਡਾਇਰੈਕਟਰ ਜਨਰਲ ਆਫ ਪੁਲਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਫਿਲਹਾਲ ਤਿੰਨੋਂ ਮੁਲਜ਼ਮ ਪੁਲਸ ਦੀ ਗ੍ਰਿਫ਼ਤ 'ਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News