ਲਾਹੌਲ-ਸਪੀਤੀ ''ਚ ਬਰਫ ਦਾ ''ਕਰਫਿਊ'', ਘਰਾਂ ''ਚ ਕੈਦ ਹੋਏ ਲੋਕ

Thursday, Feb 27, 2025 - 12:18 PM (IST)

ਲਾਹੌਲ-ਸਪੀਤੀ ''ਚ ਬਰਫ ਦਾ ''ਕਰਫਿਊ'', ਘਰਾਂ ''ਚ ਕੈਦ ਹੋਏ ਲੋਕ

ਮਨਾਲੀ- ਹਿਮਾਚਲ ਦੀਆਂ ਉੱਚੀਆਂ ਚੋਟੀਆਂ 'ਤੇ ਬਰਫਬਾਰੀ ਦਾ ਦੌਰ ਜਾਰੀ ਹੈ, ਜਿਸ ਕਾਰਨ ਲਾਹੌਲ-ਸਪੀਤੀ 'ਚ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਭਾਰੀ ਬਰਫਬਾਰੀ ਕਾਰਨ ਜਿੱਥੇ ਵਾਹਨਾਂ ਦੇ ਪਹੀਏ ਰੁਕ ਗਏ ਹਨ, ਉਥੇ ਲੋਕ ਘਰਾਂ ਤੋਂ ਬਾਹਰ ਨਹੀਂ ਆ ਰਹੇ ਹਨ। ਇਲਾਕੇ ਦਾ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਚਲਾ ਗਿਆ ਹੈ।

ਅਟਲ ਸੁਰੰਗ ਦੇ ਦੋਵਾਂ ਪੋਰਟਲਾਂ 'ਤੇ ਦੋ ਫੁੱਟ ਤਾਜ਼ਾ ਬਰਫਬਾਰੀ ਦਰਜ ਕੀਤੀ ਗਈ ਹੈ, ਜਦੋਂ ਕਿ ਰੋਹਤਾਂਗ ਦਰੱਰੇ 'ਤੇ ਢਾਈ ਫੁੱਟ ਬਰਫ ਪਈ ਹੈ। ਇਸ ਤੋਂ ਇਲਾਵਾ ਕੋਕਸਰ, ਸਿਸੂ, ਗੋਂਦਲਾ, ਦਾਰਚਾ, ਯੋਚੇ, ਛੀਕਾ, ਰਾਰਿਕ, ਜਿਸਪਾ, ਗਮੂਰ, ਸਟਿੰਗਰੀ, ਪੁਕਾਰ, ਕੇਲਾਂਗ, ਮੂਲਿੰਗ, ਨੈਨ ਗਾਹਰ, ਗਵਾੜੀ ਅਤੇ ਚੌਖਗ ਸਮੇਤ ਮਾਯੜ ਘਾਟੀ ਵਿਚ ਭਾਰੀ ਬਰਫਬਾਰੀ ਹੋਈ। ਸੋਲੰਗਨਾਲਾ ਅਤੇ ਕੋਠੀ ਵਿਚ ਅੱਧਾ ਫੁੱਟ ਬਰਫਬਾਰੀ ਹੋਈ ਹੈ। ਪਲਚਾਨ, ਮਝਾਚ ਅਤੇ ਕੁਲੰਗ 'ਚ 2 ਇੰਚ ਬਰਫਬਾਰੀ ਹੋਈ ਹੈ ਜਦਕਿ ਮਨਾਲੀ 'ਚ ਵੀ ਬਰਫਬਾਰੀ ਹੋਈ ਹੈ।

ਕੇਲਾਂਗ 'ਚ ਇਕ ਫੁੱਟ ਤੋਂ ਵੱਧ ਬਰਫ਼ਬਾਰੀ ਹੋਈ ਹੈ। ਲਾਹੌਲ ਘਾਟੀ ਦੇ ਹੇਠਲੇ ਖੇਤਰਾਂ ਟਿੰਡੀ ਅਤੇ ਪਾਂਗੀ 'ਚ ਭਾਰੀ ਬਰਫਬਾਰੀ ਜਾਰੀ ਹੈ। ਲਾਹੌਲ ਵਿਚ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਹੈ। ਡੀ.ਸੀ. ਲਾਹੌਲ-ਸਪੀਤੀ ਰਾਹੁਲ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਪ੍ਰਸ਼ਾਸਨ ਹਾਲਾਤਾਂ 'ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਮੌਸਮ ਵਿਚ ਸੁਧਾਰ ਨਹੀਂ ਹੁੰਦਾ, ਉਦੋਂ ਤੱਕ ਘਰਾਂ ਤੋਂ ਬਾਹਰ ਨਾ ਨਿਕਲਣ।


author

Tanu

Content Editor

Related News