ਸਮ੍ਰਿਤੀ ਇਰਾਨੀ ਦਾ ਸੋਨੀਆ ’ਤੇ ਵਿਅੰਗ, ਕਿਹਾ- ‘ਆਪਣਾ ਬਿੱਲ’ ਕਹਿ ਕੇ ਸਿਹਰਾ ਲੈਣ ਦੀ ਹੋੜ
Thursday, Sep 21, 2023 - 11:40 AM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ‘ਆਪਣਾ ਬਿੱਲ’ ਕਹਿਣ ’ਤੇ ਕਾਂਗਰਸ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਦੇ ਦਾਅਵੇ ’ਤੇ ਅਸਿੱਧੇ ਤੌਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਬੁੱਧਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਕੁਝ ਲੋਕ ਇਸ ਬਿੱਲ ਨੂੰ ‘ਆਪਣਾ’ ਦੱਸ ਕੇ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਨੇਤਰੀ ਇਰਾਨੀ ਨੇ ਚਰਚਾ ’ਚ ਹਿੱਸਾ ਲੈਂਦੇ ਹੋਏ ਕਿਹਾ ਕਿ ਵਿਰੋਧੀ ਧਿਰ ਦੇਸ਼ ਵਾਸੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਸਦਨ ’ਚ ਕਿਹਾ ਗਿਆ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਸਰਕਾਰ ਨੇ 2010 ’ਚ ਬਿੱਲ ਪੇਸ਼ ਕੀਤਾ ਸੀ। ਉਨ੍ਹਾਂ ਨੇ ਵਿਅੰਗ ਕਸਦਿਆਂ ਕਿਹਾ,‘‘ਸਫ਼ਲਤਾ ਦੇ ਬਹੁਤ ਸਾਰੇ ਰਹਿਨੁਮਾ ਹੁੰਦੇ ਹਨ ਪਰ ਅਸਫਲਤਾ ਦਾ ਕੋਈ ਨਾਂ ਲੈਣ ਵਾਲਾ ਨਹੀਂ ਹੁੰਦਾ। ਇਸ ਲਈ ਜਦੋਂ ਬਿੱਲ ਲਿਆਂਦਾ ਗਿਆ ਤਾਂ ਕੁਝ ਲੋਕਾਂ ਨੇ ਇਸ ਨੂੰ ‘ਆਪਣਾ ਬਿੱਲ’ ਦੱਸਿਆ।’’
ਇਹ ਵੀ ਪੜ੍ਹੋ : ਮਹਿਲਾ ਬਿੱਲ ਛੇਤੀ ਹੋਵੇ ਲਾਗੂ, SC ਅਤੇ OBC ਲਈ ਰਾਖਵੇਂਕਰਨ ਦੀ ਵਿਵਸਥਾ ਰਹੇ: ਸੋਨੀਆ ਗਾਂਧੀ
ਇਰਾਨੀ ਨੇ ਕਿਹਾ, ‘‘ਕੁਝ ਲੋਕ ਕਹਿ ਰਹੇ ਹਨ ਕਿ ਇਹ ਬਿੱਲ ਸਾਡਾ ਹੈ। ਕੁਝ ਲੋਕ ਕਹਿ ਰਹੇ ਹਨ ਕਿ ਸਾਡੀ ਚਿੱਠੀ ਕਾਰਨ ਇਹ ਬਿੱਲ ਆਇਆ ਹੈ। ਪੰਦਰਾਂ ਸਾਲਾਂ ਤਕ ਰਾਖਵਾਂਕਰਨ ਮੋਦੀ ਦੀ ਗਾਰੰਟੀ ਹੈ। ਕ੍ਰੈਡਿਟ ਲੈਣ ਬਹੁਤ ਲੋਕ ਆ ਜਾਂਦੇ ਹਨ।’’ ਇਰਾਨੀ ਨੇ ਕਿਹਾ ਕਿ 1974 ’ਚ ਭਾਰਤੀ ਜਨ ਸੰਘ ਨੇ ਔਰਤਾਂ ਦੇ ਰਾਖਵੇਂਕਰਨ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਪਿਛਲੀ ਕਾਂਗਰਸ ਸਰਕਾਰ ਦੇ ਮਹਿਲਾ ਰਾਖਵਾਂਕਰਨ ਬਿੱਲ ਦੀ ਤੁਲਨਾ ਮੌਜੂਦਾ ਬਿੱਲ ਨਾਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਬਿੱਲ ਕਾਫੀ ਮਜ਼ਬੂਤ ਹੈ। ਮੁਸਲਮਾਨ ਔਰਤਾਂ ਲਈ ਰਾਖਵੇਂਕਰਨ ਦੀ ਮੰਗ ਕਰ ਰਹੇ ਵਿਰੋਧੀ ਧਿਰ ਦੇ ਮੈਂਬਰਾਂ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਇਰਾਨੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਜੋ ਮੈਂਬਰ ਮੁਸਲਮਾਨ ਔਰਤਾਂ ਲਈ ਰਾਖਵੇਂਕਰਨ ਦੀ ਮੰਗ ਕਰ ਰਹੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੰਵਿਧਾਨ ’ਚ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦੀ ਮਨਾਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8