ਸ਼ਿਵ ਸੈਨਾ ਨੇਤਾ ਦੀ ਸੀ. ਐੱਮ. ਦੀ ਕੁਰਸੀ ਜਾਣ ਦੀ ਟੈਂਸ਼ਨ ਦੂਰ
Thursday, Apr 09, 2020 - 11:39 PM (IST)
ਮੁੰਬਈ– ਮਹਾਰਾਸ਼ਟਰ ਦੇ ਐੱਮ. ਐੱਲ. ਸੀ. ਦੀ ਚੋਣ ਟਲਣ ਤੋਂ ਬਾਅਦ ਮੁੱਖ ਮੰਤਰੀ ਊਧਵ ਠਾਕਰੇ ਨੂੰ ਰਾਜਪਾਲ ਕੋਟੇ ਤੋਂ ਐੱਮ. ਐੱਲ. ਸੀ. ਬਣਾਇਆ ਜਾਵੇਗਾ। ਮਹਾਰਾਸ਼ਟਰ ਕੈਬਨਿਟ ’ਚ ਇਸ ਨੂੰ ਲੈ ਕੇ ਪ੍ਰਸਤਾਵ ਪਾਸ ਹੋ ਗਿਆ ਹੈ। ਇਸ ’ਚ ਰਾਜਪਾਲ ਭਗਤ ਸਿੰਘ ਕੋਸ਼ਿਯਾਰੀ ਨੂੰ ਬੇਨਤੀ ਕੀਤੀ ਗਈ ਹੈ। ਮਹਾਰਾਸ਼ਟਰ ’ਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਐੱਮ. ਐੱਲ. ਸੀ. ਚੋਣਾਂ ਟਾਲ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਹੀ ਊਧਵ ਠਾਕਰੇ ਦੀ ਸੀ. ਐੱਮ. ਅਹੁਦੇ ਦੀ ਕੁਰਸੀ ’ਤੇ ਸੰਕਟ ਦੇ ਬੱਦਲ ਮੰਡਰਾ ਰਹੇ ਸਨ।
ਊਧਵ ਠਾਕਰੇ ਨੇ 20 ਨਵੰਬਰ 2019 ਨੂੰ ਸੀ. ਐੱਮ. ਅਹੁਦੇ ਦੀ ਸਹੁੰ ਚੁੱਕੀ ਸੀ। ਅਜਿਹੇ ’ਚ ਸੀ. ਐੱਮ. ਅਹੁਦੇ ਨੂੰ ਬਣਾਈ ਰੱਖਣ ਲਈ 28 ਮਈ ਤੋਂ ਪਹਿਲਾਂ ਹੀ ਉਨ੍ਹਾਂ ਦਾ ਵਿਧਾਨ ਮੰਡਲ ਦਾ ਮੈਂਬਰ ਹੋਣਾ ਜ਼ਰੂਰੀ ਹੈ। ਮਹਾਰਾਸ਼ਟਰ ’ਚ ਰਾਜਪਾਲ ਵਲੋਂ ਨਾਮਜ਼ਦ ਹੋਣ ਵਾਲੀਆਂ ਵਿਧਾਨ ਮੰਡਲ ਦੀਆਂ 2 ਸੀਟਾਂ ਖਾਲੀ ਹਨ। ਇਨ੍ਹਾਂ ’ਚੋਂ ਇਕ ਸੀਟ ’ਤੇ ਕੈਬਨਿਟ ਨੇ ਊਧਵ ਠਾਕਰੇ ਦੇ ਨਾਂ ਨੂੰ ਨਾਮਜ਼ਦ ਕਰਨ ਲਈ ਰਾਜਪਾਲ ਕੋਲ ਸਿਫਾਰਿਸ਼ ਭੇਜੀ ਹੈ। ਜੇ ਰਾਜਪਾਲ ਸਹਿਮਤ ਹੋ ਜਾਂਦੇ ਹਨ ਤਾਂ ਊਧਵ ਠਾਕਰੇ ਆਪਣੀ ਕੁਰਸੀ ਬਚਾਈ ਰੱਖਣ ’ਚ ਸਫਲ ਹੋ ਸਕਦੇ ਹਨ।