ਪਹਿਲੀ ਬਰਫ ਨੇ ਠਾਰਿਆ ਹਿਮਾਚਲ, ਕਈ ਥਾਵਾਂ 'ਤੇ ਮੀਂਹ ਦੀ ਵੀ ਸੰਭਾਵਨਾ

Saturday, Nov 02, 2019 - 06:11 PM (IST)

ਪਹਿਲੀ ਬਰਫ ਨੇ ਠਾਰਿਆ ਹਿਮਾਚਲ, ਕਈ ਥਾਵਾਂ 'ਤੇ ਮੀਂਹ ਦੀ ਵੀ ਸੰਭਾਵਨਾ

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਪੱਛਮੀ ਗੜਬੜੀ ਦੇ ਸਰਗਰਮ ਹੁੰਦਿਆਂ ਹੀ ਲਾਹੌਲ-ਸਪਿਤੀ, ਕਿੰਨੌਰ ਅਤੇ ਚੰਬਾ ਜ਼ਿਲੇ ਦੇ ਪਾਂਗੀ-ਭਰਮੌਰ ਦੇ ਉਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਹੋਣ ਨਾਲ ਤਾਪਮਾਨ 'ਚ ਕਾਫੀ ਗਿਰਾਵਟ ਆਈ ਹੈ। ਦੂਜੇ ਪਾਸੇ ਰੋਹਤਾਂਗ ਸਮੇਤ ਨੇੜੇ ਦੀਆਂ ਚੋਟੀਆਂ 'ਤੇ ਵੀ ਬਰਫ ਦੀ 'ਚਿੱਟੀ ਚਾਦਰ' ਵਿਛ ਗਈ ਹੈ। ਬਰਫ ਦੇ ਦੀਦਾਰ ਕਰਨ ਲਈ ਸੈਲਾਨੀਆਂ ਦੇ ਇਨ੍ਹਾਂ ਇਲਾਕਿਆਂ 'ਚ ਆਮਦ ਕਾਫੀ ਵੱਧ ਗਈ ਹੈ।

ਦੱਸਣਯੋਗ ਹੈ ਕਿ ਰੋਹਤਾਂਗ 'ਚ ਬੀਤੀ ਰਾਤ ਤੋਂ ਬਰਫਬਾਰੀ ਹੋ ਰਹੀ ਹੈ ਜੋ ਅੱਜ ਵੀ ਰੁਕ-ਰੁਕ ਕੇ ਜਾਰੀ ਹੈ। ਚੰਬਾ ਜ਼ਿਲੇ 'ਚ ਭਰਮੌਰ ਦੀਆਂ ਉਪਰਲੀਆਂ ਚੋਟੀਆਂ ਜਾਲਸੂ, ਮਣੀਮਹੇਸ਼, ਇੰਦਰਹਾਰ, ਕੁਗਤੀ 'ਚ ਬਰਫਬਾਰੀ ਹੋਣ ਨਾਲ ਇਨ੍ਹਾਂ ਖੇਤਰਾਂ 'ਚ ਪਾਰਾ ਡਿੱਗਣ ਕਾਰਨ ਹੇਠਲੇ ਖੇਤਰਾਂ 'ਚ ਸ਼ੀਤ ਲਹਿਰ ਦਾ ਪ੍ਰਕੋਪ ਵੱਧ ਗਿਆ ਹੈ। ਕੁੰਜੁਸ ਦੱਰੇ ਅਤੇ ਬਾਰਾਲਾਚਾ ਦੀਆਂ ਚੋਟੀਆਂ 'ਤੇ ਹਲਕੀ ਬਰਫਬਾਰੀ ਹੋਣ ਦੀ ਜਾਣਕਾਰੀ ਮਿਲੀ ਹੈ।

ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ 'ਚ ਕਈ ਸਥਾਨਾਂ 'ਤੇ ਗਰਜ ਨਾਲ ਬਾਰਿਸ਼ ਅਤੇ ਪਹਾੜਾਂ 'ਤੇ ਤਾਜ਼ਾ ਬਰਫਬਾਰੀ ਹੋਣ ਦੀ ਸੰਭਾਵਨਾ ਜਤਾਈ ਹੈ। ਦੂਜੇ ਪਾਸੇ ਰਾਜਧਾਨੀ ਸ਼ਿਮਲੇ 'ਚ ਸਵੇਰਸਾਰ ਮੌਸਮ ਸਾਫ ਰਿਹਾ ਪਰ ਦੁਪਹਿਰ ਬਾਅਦ ਸ਼ਹਿਰ ਅਤੇ ਇਸ ਦੇ ਨੇੜਲੇ ਇਲਾਕਿਆਂ 'ਚ ਬੱਦਲ ਛਾ ਗਏ, ਜਿਸ ਨਾਲ ਠੰਡ ਵੱਧ ਗਈ ਜਦਕਿ ਸੂਬੇ ਦੇ ਮੈਦਾਨੀ ਖੇਤਰਾਂ 'ਚ ਸਵੇਰੇ-ਸ਼ਾਮ ਦੇ ਸਮੇਂ ਗਹਿਰੀ ਧੁੰਦ ਪੈ ਰਹੀ ਹੈ।

ਮੌਸਮ ਵਿਗਿਆਨ ਕੇਂਦਰ ਸ਼ਿਮਲੇ ਦਾ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਹੈ ਕਿ ਅਗਲੇ 24 ਘੰਟਿਆਂ 'ਚ ਬਾਰਿਸ਼ ਅਤੇ ਪਹਾੜਾਂ 'ਤੇ ਬਰਫਬਾਰੀ ਹੋ ਸਕਦੀ ਹੈ ਜਦਕਿ 4-5 ਨਵੰਬਰ ਨੂੰ ਮੌਸਮ ਸਾਫ ਰਹੇਗਾ। ਉਨ੍ਹਾਂ ਨੇ ਦੱਸਿਆ ਹੈ ਕਿ 6-7 ਨਵੰਬਰ ਨੂੰ ਕੁਝ ਸਥਾਨਾਂ 'ਤੇ ਬਰਫਬਾਰੀ ਦੀ ਸੰਭਾਵਨਾ ਹੈ। ਸੂਬੇ ਦੇ ਕੇਲਾਂਗ 'ਚ ਘੱਟ ਤੋਂ ਘੱਟ ਤਾਪਮਾਨ 0.7 ਡਿਗਰੀ, ਕਲਪਾ 'ਚ 3.8 ਡਿਗਰੀ, ਮਨਾਲੀ 'ਚ 4.2 ਡਿਗਰੀ, ਕੁਫਰੀ 'ਚ 8.6 ਡਿਗਰੀ , ਸੋਲਨ 'ਚ 8.8 ਡਿਗਰੀ, ਭੁੰਤਰ 'ਚ 9.1 ਡਿਗਰੀ ਅਤੇ ਸ਼ਿਮਲੇ 'ਚ 11.8 ਡਿਗਰੀ ਸੈਲਸੀਅਸ ਦਰਜ ਕੀਤੀ ਗਈ ਹੈ।


author

Iqbalkaur

Content Editor

Related News