ਸ਼ਿਮਲਾ ਸਮਝੌਤੇ ਦੇ ਇਤਿਹਾਸਕ ਮੇਜ਼ ਤੋਂ ਹਟਾਇਆ ਗਿਆ ਪਾਕਿਸਤਾਨੀ ਝੰਡਾ
Friday, Apr 25, 2025 - 05:31 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਰਾਜ ਭਵਨ 'ਚ ਉਸ ਇਤਿਹਾਸਕ ਮੇਜ਼ ਤੋਂ ਸ਼ੁੱਕਰਵਾਰ ਸਵੇਰੇ ਪਾਕਿਸਤਾਨੀ ਝੰਡਾ ਗਾਇਬ ਮਿਲਿਆ, ਜਿਸ 'ਤੇ ਬੈਠ ਕੇ ਸ਼ਿਮਲਾ ਸਮਝੌਤੇ 'ਤੇ ਦਸਤਖਤ ਕੀਤੇ ਗਏ ਸਨ। ਇਹ ਗੱਲ ਪਾਕਿਸਤਾਨ ਵੱਲੋਂ 1972 'ਚ ਹੋਏ ਸਮਝੌਤੇ ਨੂੰ ਮੁਅੱਤਲ ਕਰਨ ਤੋਂ ਇਕ ਦਿਨ ਬਾਅਦ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ 26 ਸੈਲਾਨੀਆਂ ਦੀ ਮੌਤ ਤੋਂ ਬਾਅਦ ਭਾਰਤ ਦੀ ਜਵਾਬੀ ਕਾਰਵਾਈ ਦੇ ਜਵਾਬ 'ਚ ਪਾਕਿਸਤਾਨ ਵੱਲੋਂ ਸ਼ਿਮਲਾ ਸਮਝੌਤਾ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਮਝੌਤੇ 'ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੁਲਫਿਕਾਰ ਅਲੀ ਭੁੱਟੋ ਨੇ 2 ਅਤੇ 3 ਜੁਲਾਈ ਦੀ ਦਰਮਿਆਨੀ ਰਾਤ ਨੂੰ ਦਸਤਖ਼ਤ ਕੀਤੇ ਸਨ। ਸਮਝੌਤੇ 'ਤੇ ਦਸਤਖ਼ਤ ਜਿਸ ਚਮਕਦਾਰ ਲੱਕੜੀ ਦੇ ਮੇਜ਼ 'ਤੇ ਕੀਤੇ ਗਏ, ਉਸ ਨੂੰ ਹਿਮਾਚਲ ਪ੍ਰਦੇਸ਼ ਰਾਜ ਭਵਨ ਦੇ ਕੀਰਤੀ ਹਾਲ 'ਚ ਇਕ ਉੱਚੇ ਲਾਲ ਰੰਗ ਦੇ ਮੰਚ 'ਤੇ ਰੱਖਿਆ ਗਿਆ ਹੈ। ਮੇਜ਼ 'ਤੇ ਭੁੱਟੋ ਵਲੋਂ ਸਮਝੌਤੇ 'ਤੇ ਦਸਤਖ਼ਤ ਕਰਨ ਅਤੇ ਉਨ੍ਹਾਂ ਨਾਲ ਬੈਠੀ ਇੰਦਰਾ ਗਾਂਧੀ ਦੀ ਤਸਵੀਰ ਰੱਖੀ ਹੋਈ ਹੈ, ਜਦੋਂ ਕਿ ਪਿਛੋਕੜ 'ਚ ਕੰਧ 'ਤੇ 1972 ਦੇ ਭਾਰਤ-ਪਾਕਿਸਤਾਨ ਸਿਖਰ ਸੰਮੇਲਨ ਦੀਆਂ ਕਈ ਤਸਵੀਰਾਂ ਲੱਗੀਆਂ ਹੋਈਆਂ ਹਨ।
ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਪਾਕਿਸਤਾਨੀ ਝੰਡਾ ਕਦੋਂ ਹਟਾਇਆ ਗਿਆ ਪਰ ਰਾਜ ਭਵਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਗੁਆਂਢੀ ਦੇਸ਼ ਦਾ ਝੰਡਾ 'ਮੇਜ਼ 'ਤੇ ਨਹੀਂ' ਹੈ। ਸਮਝੌਤੇ 'ਤੇ ਦਸਤਖ਼ਤ ਨੂੰ ਕਵਰ ਕਰਨ ਵਾਲੇ ਇਕ ਸੀਨੀਅਰ ਪੱਤਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਰੀਬ 53 ਸਾਲ ਪੁਰਾਣੇ ਇਸ ਸਮਝੌਤੇ 'ਚ ਸਾਰੇ ਵਿਵਾਦਿਤ ਮੁੱਦਿਆਂ ਨੂੰ ਦੋ-ਪੱਖੀ ਤੌਰ 'ਤੇ ਸੁਲਝਾਉਣ ਅਤੇ ਕੰਟਰੋਲ ਰੇਖਾ (ਐੱਲਓਸੀ) 'ਤੇ ਸ਼ਾਂਤੀ ਬਣਾਏ ਰੱਖਣ 'ਤੇ ਜ਼ੋਰ ਦਿੱਤਾ ਗਿਆ ਸੀ।'' ਉਨ੍ਹਾਂ ਕਿਹਾ,''ਹਾਲਾਂਕਿ, ਪਾਕਿਸਤਾਨ ਵਲੋਂ ਇਸ ਦੀ ਵਾਰ-ਵਾਰ ਉਲੰਘਣਾ ਕੀਤੀ। ਇੱਥੇ ਤੱਕ ਕਿ ਜੇਕਰ ਝੰਡਾ ਹਟਾ ਵੀ ਦਿੱਤਾ ਜਾਂਦਾ ਹੈ ਤਾਂ ਵੀ ਕੋਈ ਪ੍ਰਤੀਕੂਲ ਪ੍ਰਭਾਵ ਨਹੀਂ ਪਵੇਗਾ, ਕਿਉਂਕਿ ਪਹਿਲਾਂ ਵੀ ਪਾਕਿਸਤਾਨ ਵਲੋਂ ਕਈ ਵਾਰ ਸਮਝੌਤੇ ਦੀ ਉਲੰਘਣਾ ਕੀਤੀ ਗਈ ਹੈ।'' ਸੀਨੀਅਰ ਪੱਤਰਕਾਰ ਨੇ ਕਿਹਾ ਕਿ ਸਮਝੌਤੇ 'ਤੇ ਉਸ ਸਮੇਂ ਦਸਤਖ਼ਤ ਕੀਤੇ ਗਏ ਸਨ, ਜਦੋਂ ਸਥਿਤੀ ਪੂਰੀ ਤਰ੍ਹਾਂ ਨਾਲ ਭਾਰਤ ਦੇ ਕੰਟਰੋਲ 'ਚ ਸੀ ਅਤੇ ਉਸ ਨੇ 90 ਹਜ਼ਾਰ ਯੁੱਧ ਬੰਦੀਆਂ ਨੂੰ ਵਾਪਸ ਕਰਨ ਅਤੇ ਭਾਰਤੀ ਫ਼ੌਜ ਵਲੋਂ ਕਬਜ਼ਾ ਕੀਤੀ ਗਈ 13 ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ਵਾਪਸ ਕਰਨ ਦਾ ਫ਼ੈਸਲਾ ਕੀਤਾ ਸੀ, ਜੋ ਇਕ ਭਾਰੀ ਭੁੱਲ ਸੀ। ਉਨ੍ਹਾਂ ਨੇ ਪਹਿਲਗਾਮ, ਪੁਲਵਾਮਾ ਅਤੇ ਉੜੀ 'ਚ ਹੋਏ ਅੱਤਵਾਦੀ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ,''ਉਸ ਭੁੱਲ ਦੀ ਅਸੀਂ ਇਹ ਕੀਮਤ ਚੁਕਾ ਰਹੇ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8