ਵੱਡੀ ਖ਼ਬਰ ; 19 ਜੂਨ ਤੱਕ ਲਾਗੂ ਹੋਈ ਧਾਰਾ 163, 5 ਤੋਂ ਜ਼ਿਆਦਾ ਲੋਕ ਹੋਏ ਇਕੱਠੇ ਤਾਂ...
Saturday, Jun 14, 2025 - 12:57 PM (IST)

ਨੈਸ਼ਨਲ ਡੈਸਕ- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਮਾਜਰਾ ਥਾਣਾ ਖੇਤਰ ਵਿਚ ਦੋ ਧਿਰਾਂ ਵਿਚਾਲੇ ਟਕਰਾਅ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਕ ਕੁੜੀ ਦੇ ਲਾਪਤਾ ਹੋਣ ਪਿੱਛੋਂ 2 ਧਿਰਾਂ ਵਿਚਾਲੇ ਜ਼ੋਰਦਾਰ ਝੜਪ ਹੋ ਗਈ। ਜਿਸ ਕਾਰਨ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਇਸ ਝੜਪ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਧਾਰਾ-163 ਲਾਗੂ ਕਰ ਦਿੱਤੀ ਹੈ। ਇਹ ਧਾਰਾ 19 ਜੂਨ 2025 ਤੱਕ ਲਾਗੂ ਰਹੇਗੀ।
ਕੀ ਹੈ ਪੂਰਾ ਮਾਮਲਾ ਹੈ?
ਇਹ ਪੂਰਾ ਵਿਵਾਦ ਇਕ ਨਾਬਾਲਗ ਕੁੜੀ ਦੇ ਕਥਿਤ ਅਗਵਾ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਕਿਸੇ ਹੋਰ ਭਾਈਚਾਰੇ ਦਾ ਨੌਜਵਾਨ ਕੁੜੀ ਨੂੰ ਵਰਗਲਾ ਕੇ ਭਜਾ ਕੇ ਲੈ ਗਿਆ। ਇਸ ਘਟਨਾ ਤੋਂ ਬਾਅਦ ਦੋਵਾਂ ਭਾਈਚਾਰਿਆਂ ਵਿਚਕਾਰ ਤਣਾਅ ਵਧ ਗਿਆ, ਜਿਸ ਕਾਰਨ ਸ਼ੁੱਕਰਵਾਰ ਸ਼ਾਮ ਨੂੰ ਟਕਰਾਅ ਦੀ ਸਥਿਤੀ ਪੈਦਾ ਹੋ ਗਈ। ਇਸ ਝੜਪ ਵਿਚ ਤਿੰਨ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਏ।
ਇਨ੍ਹਾਂ ਖੇਤਰਾਂ 'ਚ ਲਾਗੂ ਹੈ ਆਦੇਸ਼
ਇਹ ਆਦੇਸ਼ ਮਾਜਰਾ ਥਾਣਾ ਖੇਤਰ ਦੇ ਅਧੀਨ ਆਉਣ ਵਾਲੇ 5 ਮੁੱਖ ਪਿੰਡਾਂ ਕੀਰਤਪੁਰ, ਮੇਲੀਓ, ਫਤਿਹਪੁਰ, ਮਿਸ਼ਰਵਾਲਾ ਅਤੇ ਮਾਜਰਾ ਵਿਚ ਲਾਗੂ ਕੀਤੀ ਗਈ ਹੈ। ਆਦੇਸ਼ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਖੇਤਰਾਂ ਵਿਚ ਮੌਜੂਦਾ ਤਣਾਅਪੂਰਨ ਸਥਿਤੀ ਸ਼ਾਂਤੀ ਵਿਵਸਥਾ ਭੰਗ ਕਰ ਸਕਦੀ ਹੈ, ਇਸ ਲਈ ਇਹ ਕਦਮ ਚੁੱਕਿਆ ਗਿਆ ਹੈ।
ਆਦੇਸ਼ ਵਿਚ ਕੀ-ਕੀ ਪਾਬੰਦੀਆਂ?
ਜਾਰੀ ਆਦੇਸ਼ ਮੁਤਾਬਕ 5 ਜਾਂ ਉਸ ਤੋਂ ਵੱਧ ਲੋਕਾਂ ਦਾ ਕਿਸੇ ਵੀ ਜਨਤਕ ਸਥਾਨ 'ਤੇ ਬਿਨਾਂ ਇਜਾਜ਼ਤ ਇਕੱਠੇ ਹੋਣ ਦੀ ਪਾਬੰਦੀ ਹੈ। ਡੰਡੇ, ਤਲਵਾਰ, ਭਾਲਾ, ਕਹੀ ਵਰਗੇ ਕਿਸੇ ਵੀ ਪ੍ਰਕਾਰ ਦੇ ਹਥਿਆਰ ਲੈ ਕੇ ਚੱਲਣ 'ਤੇ ਪਾਬੰਦੀ ਹੈ। ਰੈਲੀ, ਧਰਨਾ, ਭੁੱਖ ਹੜਤਾਲ, ਨਾਅਰੇਬਾਜ਼ੀ ਵਰਗੀ ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਵਰਗੀ ਗਤੀਵਿਧੀਆਂ ਨਹੀਂ ਹੋਵੇਗੀ। ਟਾਇਰ, ਮਸ਼ਾਲ, ਮੋਮਬੱਤੀ, ਪੁਤਲਾ ਆਦਿ ਸਾੜਨਾ, ਪਟਾਕੇ ਜਾਂ ਹੋਰ ਜਲਣਸ਼ੀਲ ਪਦਾਰਥ ਸੁੱਟਣ 'ਤੇ ਵੀ ਪਾਬੰਦੀ ਹੈ। ਜਨਤਕ ਸਥਾਨਾਂ 'ਤੇ ਪਥਰਾਅ ਜਾਂ ਇਤਰਾਜ਼ਯੋਗ ਵਸਤੂਆਂ ਨੂੰ ਸੁੱਟਣਾ, ਖ਼ਾਸ ਕਰ ਕੇ ਔਰਤਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ 'ਤੇ ਪਾਬੰਦੀ ਹੈ। ਭੜਕਾਊ, ਰਾਸ਼ਟਰ ਵਿਰੋਧੀ ਭਾਸ਼ਣ, ਨਾਅਰੇਬਾਜ਼ੀ ਜਾਂ ਕੰਧ 'ਤੇ ਪੋਸਟਰਬਾਜ਼ੀ ਕਰਨਾ ਸਖ਼ਤ ਮਨ੍ਹਾ ਹੈ।