ਮੱਧ ਪ੍ਰਦੇਸ਼ ’ਚ ਧਾਰਮਿਕ ਯਾਤਰਾ ’ਤੇ ਪਥਰਾਅ, ਕਈ ਹਿੱਸਿਆਂ ’ਚ ਧਾਰਾ 144 ਲਾਗੂ
Tuesday, Jan 09, 2024 - 08:33 PM (IST)
ਸ਼ਾਜਾਪੁਰ, (ਭਾਸ਼ਾ)- ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਸ਼ਹਿਰ ’ਚ ਇਕ ਧਾਰਮਿਕ ਯਾਤਰਾ ’ਚ ਸ਼ਾਮਲ ਲੋਕਾਂ ਨਾਲ ਕੁਝ ਲੋਕਾਂ ਵੱਲੋਂ ਝਗੜਾ ਅਤੇ ਉਨ੍ਹਾਂ ’ਤੇ ਪਥਰਾਅ ਕਰਨ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਤਿੰਨ ਇਲਾਕਿਆਂ ’ਚ ਸੀ. ਆਰ. ਪੀ. ਸੀ. ਦੀ ਧਾਰਾ 144 ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਮਗਰੀਆ ਇਲਾਕੇ ’ਚ ਹੋਈ ਇਸ ਘਟਨਾ ’ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਸੁਰੱਖਿਆ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਇਸ ਸਬੰਧ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਜਲੂਸ ’ਚ ਸ਼ਾਮਲ ਮੋਹਿਤ ਰਾਠੌੜ ਦੀ ਸ਼ਿਕਾਇਤ ’ਤੇ ਦਰਜ ਐੱਫ. ਆਈ. ਆਰ. ਅਨੁਸਾਰ, ਜਦੋਂ ਉਹ ਸੋਮਵਾਰ ਰਾਤ ਲਗਭਗ 8.30 ਵਜੇ ਅਯੁੱਧਿਆ ’ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਨਿਯਮਤ ਸ਼ਾਮ ਦਾ ਜਲੂਸ ਕੱਢ ਰਹੇ ਸਨ ਤਾਂ 7-8 ਲੋਕਾਂ ਨੇ ਇਕ ਮਸਜਿਦ ਕੋਲ ਨਾਗ-ਨਾਗਿਨ ਰੋਡ ’ਤੇ ਉਨ੍ਹਾਂ ਨੂੰ ਰੋਕਿਆ ਅਤੇ ਜਲੂਸ ਵਿਚ ਸ਼ਾਮਲ ਲੋਕਾਂ ਦੀ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ’ਤੇ ਪਥਰਾਅ ਕੀਤਾ ਗਿਆ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਉਨ੍ਹਾਂ ’ਤੇ ਤਲਵਾਰਾਂ ਨਾਲ ਵੀ ਹਮਲਾ ਕੀਤਾ ਗਿਆ ਅਤੇ ਛੱਤਾਂ ਤੋਂ ਪੱਥਰ ਵੀ ਮਾਰੇ ਗਏ।