ਵਿਗਿਆਨੀਆਂ ਨੇ ਹੋਯਾ ਪ੍ਰਜਾਤੀ ਦੇ 2 ਦੁਰਲੱਭ ਪੌਦਿਆਂ ਦੀ ਕੀਤੀ ਖੋਜ
Saturday, Nov 08, 2025 - 04:18 PM (IST)
ਨੈਸ਼ਨਲ ਡੈਸਕ- ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਭਾਰਤੀ ਵਨਸਪਤੀ ਸਰਵੇਖਣ (Botanical Survey of India) ਦੇ ਖੇਤਰੀ ਕੇਂਦਰ ਦੇ ਵਿਗਿਆਨੀਆਂ ਨੇ ਸੂਬੇ 'ਚ 2 ਦੁਰਲੱਭ ਹੋਯਾ ਪ੍ਰਜਾਤੀ ਦੇ ਪੌਦਿਆਂ ਦੀ ਖੋਜ ਕੀਤੀ ਹੈ। ਸੀ.ਐੱਮ. ਖਾਂਡੂ ਨੇ ਕਿਹਾ ਕਿ ਇਹ ਖੋਜ ਅਰੁਣਾਚਲ ਪ੍ਰਦੇਸ਼ ਦੀ ਫੁੱਲਾਂ ਦੀ ਵਿਭਿੰਨਤਾ ਨੂੰ ਦਰਸਾਉਣ 'ਚ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ।

ਵਿਗਿਆਨੀਆਂ ਅਨੁਸਾਰ ਹੋਆ ਚਿੰਗਹੁਆਂਗੇਨਸਿਸ (Hoya chinghungensis) ਪ੍ਰਜਾਤੀ ਭਾਰਤ 'ਚ ਪਹਿਲੀ ਵਾਰ ਪਾਈ ਗਈ ਹੈ, ਜਦੋਂ ਕਿ ਹੋਆ ਐਕੁਮੀਨਾਟਾ (Hoya acuminata) ਅਰੁਣਾਚਲ ਪ੍ਰਦੇਸ਼ 'ਚ ਪਹਿਲੀ ਵਾਰ ਮਿਲੀ ਹੈ। ਇਹ ਖੋਜ ਪੂਰਬੀ ਕਾਮੇਂਗ, ਪੱਕੇ ਕੇਸਾਂਗ ਅਤੇ ਲੋਂਗਡਿੰਗ ਜ਼ਿਲ੍ਹਿਆਂ 'ਚ ਕੀਤੀਆਂ ਗਈਆਂ ਵਿਆਪਕ ਬੌਟੈਨਿਕਲ ਯਾਤਰਾਵਾਂ ਦੌਰਾਨ ਹੋਈ। ਮੁੱਖ ਮੰਤਰੀ ਖਾਂਡੂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕਰਦਿਆਂ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ,''ਇਹ ਖੋਜ ਸਾਡੇ ਸੂਬੇ ਦੀ ਅਦਭੁੱਤ ਜੈਵਿਕ ਜਾਇਦਾਦ ਦਾ ਪ੍ਰਤੀਕ ਹੈ। ਸਾਡੇ ਵਿਗਿਆਨੀਆਂ ਲਈ ਇਹ ਮਾਣ ਦਾ ਸਮਾਂ ਹੈ।''
ਹੋਯਾ ਪੌਦਾ, ਜਿਸ ਨੂੰ ਆਮ ਤੌਰ 'ਤੇ ਵੈਕਸ ਪਲਾਂਟ' (ਮੋਮ ਪੌਦਾ) ਕਿਹਾ ਜਾਂਦਾ ਹੈ, ਆਪਣੇ ਸੁੰਦਰ ਤਾਰਾਕਾਰ ਫੁੱਲਾਂ ਅਤੇ ਜੰਗਲੀ ਇਕੋਸਿਸਟਮ 'ਚ ਆਪਣੀ ਮਹੱਤਵਪੂਰਨ ਭੂਮਿਕਾ ਲਈ ਜਾਣਿਆ ਜਾਂਦਾ ਹੈ। ਖਾਂਡੂ ਨੇ ਵਿਗਿਆਨੀਆਂ ਦੇ ਜੋਸ਼ ਅਤੇ ਸਮਰਪਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਖੋਜਾਂ ਸਿਰਫ਼ ਭਾਰਤ ਦੇ ਫੁੱਲਾਂ ਦੇ ਰਿਕਾਰਡ ਨੂੰ ਵਧਾਉਂਦੀਆਂ ਹੀ ਨਹੀਂ ਸਗੋਂ ਪੂਰਬੀ ਹਿਮਾਲਿਆ ਖੇਤਰ 'ਚ ਵਿਗਿਆਨਕ ਖੋਜ ਅਤੇ ਸੁਰੱਖਿਆ ਦੇ ਮਹੱਤਵ ਨੂੰ ਵੀ ਉਜਾਗਰ ਕਰਦੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
