Delhi AQI: ਪਾਬੰਦੀਆਂ ਤੋਂ ਬਾਅਦ ਹਾਈਬ੍ਰਿਡ ਮੋਡ ''ਚ ਚੱਲਣਗੇ ਸਕੂਲ, ਹੋਣਗੀਆਂ ਇਹ ਪਾਬੰਦੀਆਂ
Sunday, Dec 14, 2025 - 09:49 AM (IST)
ਨੈਸ਼ਨਲ ਡੈਸਕ : ਦਿੱਲੀ ਵਿੱਚ ਹਵਾ ਦੀ ਗੁਣਵੱਤਾ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਹੈ, ਜਿਸ ਕਾਰਨ ਸਰਕਾਰ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਦਾ ਚੌਥਾ ਅਤੇ ਸਭ ਤੋਂ ਸਖ਼ਤ ਪੜਾਅ GRAP-4 ਲਾਗੂ ਕਰ ਦਿੱਤਾ ਹੈ, ਜਦੋਂ ਹਵਾ ਗੁਣਵੱਤਾ ਸੂਚਕਾਂਕ (AQI) 450 ਤੋਂ ਉੱਪਰ ਪਹੁੰਚਦਾ ਹੈ, ਤਾਂ ਇਸ ਨੂੰ 'ਗੰਭੀਰ ਪਲੱਸ' (Severe Plus) ਮੰਨਿਆ ਜਾਂਦਾ ਹੈ, ਜੋ ਸਿਹਤ ਲਈ ਸਭ ਤੋਂ ਖ਼ਤਰਨਾਕ ਪੱਧਰ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਇੱਕ ਸਮੇਂ ਦਿੱਲੀ ਦਾ AQI 462 ਦਰਜ ਕੀਤਾ ਗਿਆ, ਜੋ 'ਗੰਭੀਰ' (Severe) ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CQUM) ਨੇ ਪੂਰੇ NCR ਵਿੱਚ GRAP-IV ਨੂੰ ਲਾਗੂ ਕੀਤਾ ਹੈ।
ਸਕੂਲਾਂ ਵਿੱਚ ਹਾਈਬ੍ਰਿਡ ਪੜ੍ਹਾਈ ਲਾਗੂ
GRAP-4 ਲਾਗੂ ਹੋਣ ਤੋਂ ਬਾਅਦ ਦਿੱਲੀ ਦੇ ਸਕੂਲ ਪੂਰੀ ਤਰ੍ਹਾਂ ਬੰਦ ਨਹੀਂ ਕੀਤੇ ਗਏ ਹਨ, ਪਰ ਪੜ੍ਹਾਈ ਦੇ ਤਰੀਕੇ ਵਿੱਚ ਬਦਲਾਅ ਕੀਤਾ ਗਿਆ ਹੈ। ਦਿੱਲੀ ਸਿੱਖਿਆ ਡਾਇਰੈਕਟੋਰੇਟ (DDE) ਦੇ ਆਦੇਸ਼ ਅਨੁਸਾਰ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਕਲਾਸ 9ਵੀਂ ਤੱਕ ਅਤੇ ਕਲਾਸ 11ਵੀਂ ਦੇ ਵਿਦਿਆਰਥੀਆਂ ਲਈ ਹਾਈਬ੍ਰਿਡ ਮੋਡ ਵਿੱਚ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਪ੍ਰਣਾਲੀ ਦੇ ਤਹਿਤ ਵਿਦਿਆਰਥੀ ਚਾਹੁਣ ਤਾਂ ਸਕੂਲ ਆ ਕੇ ਪੜ੍ਹ ਸਕਦੇ ਹਨ ਜਾਂ ਉਹ ਆਨਲਾਈਨ ਕਲਾਸਾਂ ਵੀ ਲੈ ਸਕਦੇ ਹਨ। ਇਹ ਚੋਣ ਪੂਰੀ ਤਰ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਇੱਛਾ 'ਤੇ ਨਿਰਭਰ ਕਰੇਗੀ। ਇਸ ਤੋਂ ਇਲਾਵਾ ਬੱਚਿਆਂ ਨੂੰ ਹਾਨੀਕਾਰਕ ਹਵਾ ਤੋਂ ਬਚਾਉਣ ਲਈ, ਕਲਾਸ 5ਵੀਂ ਤੱਕ ਦੀ ਪੜ੍ਹਾਈ ਵੀ ਹਾਈਬ੍ਰਿਡ ਮੋਡ ਵਿੱਚ ਕਰਾਈ ਜਾਵੇਗੀ।
GRAP-4 ਦੀਆਂ ਹੋਰ ਮੁੱਖ ਪਾਬੰਦੀਆਂ
GRAP-4 ਦੇ ਤਹਿਤ ਪ੍ਰਦੂਸ਼ਣ ਨੂੰ ਰੋਕਣ ਲਈ ਕਈ ਹੋਰ ਸਖ਼ਤ ਕਦਮ ਚੁੱਕੇ ਗਏ ਹਨ:
• ਜ਼ਰੂਰੀ ਸਮਾਨ ਲਿਜਾਣ ਵਾਲੇ ਵਾਹਨਾਂ ਨੂੰ ਛੱਡ ਕੇ, ਦਿੱਲੀ ਵਿੱਚ ਟਰੱਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ. ਹਾਲਾਂਕਿ, ਐਲਐਨਜੀ, ਸੀਐਨਜੀ, ਇਲੈਕਟ੍ਰਿਕ ਅਤੇ ਬੀਐਸ-VI ਡੀਜ਼ਲ ਨਾਲ ਚੱਲਣ ਵਾਲੇ ਟਰੱਕਾਂ ਨੂੰ ਛੋਟ ਦਿੱਤੀ ਗਈ ਹੈ।
• ਦਿੱਲੀ-ਐਨਸੀਆਰ ਵਿੱਚ ਉਸਾਰੀ, ਪੱਥਰ ਤੋੜਨ ਵਾਲੀਆਂ ਫੈਕਟਰੀਆਂ ਅਤੇ ਖੁਦਾਈ (mining) ਦੇ ਕੰਮ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਇਹ ਗਤੀਵਿਧੀਆਂ ਧੂੜ ਅਤੇ ਪ੍ਰਦੂਸ਼ਣ ਦਾ ਮੁੱਖ ਸਰੋਤ ਹਨ।
• ਦਿੱਲੀ ਅਤੇ ਐਨਸੀਆਰ ਦੇ ਜ਼ਿਲ੍ਹਿਆਂ ਵਿੱਚ ਬੀਐਸ-III ਪੈਟਰੋਲ ਅਤੇ ਬੀਐਸ-IV ਡੀਜ਼ਲ ਚਾਰ ਪਹੀਆ ਵਾਹਨਾਂ 'ਤੇ ਪਾਬੰਦੀ ਲਗਾਈ ਗਈ ਹੈ।
• ਸਾਰੇ ਸਰਕਾਰੀ ਅਤੇ ਨਿੱਜੀ ਦਫਤਰ ਸਿਰਫ਼ 50% ਕਰਮਚਾਰੀਆਂ ਦੀ ਸਮਰੱਥਾ ਨਾਲ ਕੰਮ ਕਰਨਗੇ, ਬਾਕੀ ਕਰਮਚਾਰੀ ਘਰੋਂ ਕੰਮ ਕਰਨਗੇ (Work From Home)।
