ਗ੍ਰਹਿ ਮੰਤਰੀ ਬਣਦੇ ਹੀ ਸਮਰਾਟ ਚੌਧਰੀ ਦਾ ਐਕਸ਼ਨ ! ਬੇਗੂਸਰਾਏ 'ਚ ਵੱਡਾ ਐਨਕਾਊਂਟਰ, ਚੱਲੀਆਂ ਤਾੜ-ਤਾੜ ਗੋਲੀਆਂ

Saturday, Nov 22, 2025 - 12:08 PM (IST)

ਗ੍ਰਹਿ ਮੰਤਰੀ ਬਣਦੇ ਹੀ ਸਮਰਾਟ ਚੌਧਰੀ ਦਾ ਐਕਸ਼ਨ ! ਬੇਗੂਸਰਾਏ 'ਚ ਵੱਡਾ ਐਨਕਾਊਂਟਰ, ਚੱਲੀਆਂ ਤਾੜ-ਤਾੜ ਗੋਲੀਆਂ

ਨੈਸ਼ਨਲ ਡੈਸਕ : ਬਿਹਾਰ ਵਿੱਚ ਨਵੀਂ ਸਰਕਾਰ ਬਣਨ ਤੋਂ ਤੁਰੰਤ ਬਾਅਦ ਪੁਲਸ ਨੇ ਅਪਰਾਧੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਪ ਮੁੱਖ ਮੰਤਰੀ ਸਮਰਾਟ ਚੌਧਰੀ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਪੁਲਸ ਵਿਭਾਗ ਐਕਸ਼ਨ ਵਿੱਚ ਆ ਗਿਆ ਹੈ। ਸ਼ੁੱਕਰਵਾਰ ਰਾਤ ਨੂੰ ਬੇਗੂਸਰਾਏ ਵਿੱਚ STF (ਸਪੈਸ਼ਲ ਟਾਸਕ ਫੋਰਸ) ਅਤੇ ਜ਼ਿਲ੍ਹਾ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਐਨਕਾਊਂਟਰ ਕੀਤਾ, ਜਿਸ ਵਿੱਚ ਕਤਲ ਦੇ ਇੱਕ ਖਤਰਨਾਕ ਮੁਲਜ਼ਮ ਨੂੰ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ।
ਐਨਕਾਊਂਟਰ ਦੀ ਪੂਰੀ ਘਟਨਾ
ਇਹ ਘਟਨਾ ਸਾਹਿਬਪੁਰ ਕਮਾਲ ਥਾਣਾ ਖੇਤਰ ਦੇ ਸ਼ਾਲੀਗ੍ਰਾਮ ਅਤੇ ਮਲਹੀਪੁਰ ਪਿੰਡਾਂ ਦੇ ਨੇੜੇ ਵਾਪਰੀ ਹੈ। ਜ਼ਖਮੀ ਬਦਮਾਸ਼ ਦੀ ਪਛਾਣ ਤੇਘੜਾ ਥਾਣਾ ਖੇਤਰ ਦੇ ਬਨਹਾਰਾ ਪਿੰਡ ਦੇ ਰਹਿਣ ਵਾਲੇ ਸ਼ਿਵਦੱਤ ਰਾਏ (27) ਵਜੋਂ ਹੋਈ ਹੈ।
STF ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਭਗੌੜਾ ਸ਼ਿਵਦੱਤ ਰਾਏ ਮਲਹੀਪੁਰ ਖੇਤਰ ਵਿੱਚ ਹਥਿਆਰ ਖਰੀਦਣ ਆਇਆ ਹੈ। ਜਦੋਂ STF ਅਤੇ ਸਥਾਨਕ ਥਾਣਾ ਪੁਲਸ ਮੌਕੇ 'ਤੇ ਪਹੁੰਚੀ, ਤਾਂ ਦੋ ਮੋਟਰਸਾਈਕਲਾਂ 'ਤੇ ਸਵਾਰ 6 ਬਦਮਾਸ਼ਾਂ ਨੇ ਪੁਲਸ ਨੂੰ ਦੇਖਦਿਆਂ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੇ ਪੁਲਸ 'ਤੇ 6-7 ਰਾਊਂਡ ਗੋਲੀਆਂ ਚਲਾਈਆਂ।
ਆਤਮ-ਰੱਖਿਆ ਵਿੱਚ ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਤਿੰਨ ਰਾਊਂਡ ਗੋਲੀਆਂ ਚਲਾਈਆਂ। ਇੱਕ ਗੋਲੀ ਸ਼ਿਵਦੱਤ ਰਾਏ ਦੇ ਪੱਟ ਵਿੱਚ ਲੱਗੀ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਬਾਕੀ ਅਪਰਾਧੀ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ।
ਸਰਪੰਚ ਦੇ ਪੁੱਤਰ ਦੀ ਹੱਤਿਆ ਦਾ ਸੀ ਦੋਸ਼
ਸ਼ਿਵਦੱਤ ਰਾਏ 'ਤੇ 2 ਸਤੰਬਰ 2022 ਦੀ ਰਾਤ ਨੂੰ ਤੇਘੜਾ ਥਾਣਾ ਖੇਤਰ ਦੀ ਧਨਕੌਲ ਪੰਚਾਇਤ ਦੀ ਸਰਪੰਚ ਮੀਨਾ ਦੇਵੀ ਦੇ ਛੋਟੇ ਬੇਟੇ ਅਵਨੀਸ਼ ਕੁਮਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਦੋਸ਼ ਹੈ। ਇਹ ਹੱਤਿਆ ਲੁੱਟ-ਖੋਹ ਦਾ ਵਿਰੋਧ ਕਰਨ 'ਤੇ ਕੀਤੀ ਗਈ ਸੀ। ਇਸ ਮਾਮਲੇ ਵਿੱਚ ਸ਼ਿਵਦੱਤ ਰਾਏ 'ਤੇ ਨਾਮਜ਼ਦ ਐਫਆਈਆਰ ਦਰਜ ਕੀਤੀ ਗਈ ਸੀ।
ਦੱਸ ਦੇਈਏ ਕਿ ਸ਼ਿਵਦੱਤ ਰਾਏ ਨੂੰ ਲਗਭਗ ਇੱਕ ਸਾਲ ਪਹਿਲਾਂ ਇਸੇ ਮਾਮਲੇ ਵਿੱਚ ਗਾਜ਼ੀਆਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਉਹ ਕਰੀਬ ਦੋ ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ ਅਤੇ ਫਰਾਰ ਚੱਲ ਰਿਹਾ ਸੀ।
ਹਥਿਆਰ ਤੇ ਨਕਦੀ ਬਰਾਮਦ
ਜ਼ਖਮੀ ਸ਼ਿਵਦੱਤ ਰਾਏ ਨੂੰ ਫੜਨ ਤੋਂ ਬਾਅਦ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਪੁਲਸ ਨੇ ਉਸਦੀ ਨਿਸ਼ਾਨਦੇਹੀ 'ਤੇ ਇੱਕ ਘਰ ਤੋਂ ਭਾਰੀ ਮਾਤਰਾ ਵਿੱਚ ਹਥਿਆਰ, ਨਕਦੀ ਅਤੇ ਕਫ ਸਿਰਪ ਬਰਾਮਦ ਕੀਤੇ ਹਨ। ਸ਼ਿਵਦੱਤ ਰਾਏ ਦਾ ਇਲਾਜ ਬੇਗੂਸਰਾਏ ਦੇ ਸਿਵਲ ਹਸਪਤਾਲ ਵਿੱਚ ਪੁਲਸ ਹਿਰਾਸਤ ਵਿੱਚ ਚੱਲ ਰਿਹਾ ਹੈ। ਪੁਲਸ ਅਜੇ ਉਸਦੀ ਹਾਲਤ ਬਾਰੇ ਕੁਝ ਨਹੀਂ ਦੱਸ ਰਹੀ ਹੈ।
ਗ੍ਰਹਿ ਵਿਭਾਗ ਦੀ ਕਮਾਨ ਸੰਭਾਲਣ ਤੋਂ ਬਾਅਦ ਡੀਜੀਪੀ ਵਿਨੈ ਕੁਮਾਰ ਨੇ ਸੰਗਠਿਤ ਅਪਰਾਧ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਹੁਣ ਛੋਟੀਆਂ ਵਾਰਦਾਤਾਂ ਨੂੰ ਵੀ ਸੰਗਠਿਤ ਅਪਰਾਧ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਦਾ ਆਦੇਸ਼ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਪਹਿਲਾਂ ਪੁਲਸ ਹਲਕੇ ਵਿੱਚ ਲੈਂਦੀ ਸੀ।


author

Shubam Kumar

Content Editor

Related News