ਸੁੱਤੇ ਪਏ ਪਰਿਵਾਰ ''ਤੇ ਡਿੱਗੀ ਘਰ ਦੀ ਛੱਤ, ਮਲਬੇ ਹੇਠਾਂ ਦੱਬਣ ਕਾਰਨ ਬੱਚੀ ਦੀ ਮੌਤ
Sunday, Aug 18, 2024 - 03:11 PM (IST)
ਕੁਰੂਕਸ਼ੇਤਰ- ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਦਰਰਾ ਖੇੜਾ ਖੇਤਰ ਵਿਚ ਐਤਵਾਰ ਨੂੰ ਉਸ ਸਮੇਂ ਚੀਕ-ਪੁਕਾਰ ਮਚ ਗਈ, ਜਦੋਂ ਸੁੱਤੇ ਪਏ ਪਰਿਵਾਰ 'ਤੇ ਘਰ ਦੀ ਛੱਤ ਡਿੱਗ ਪਈ। ਮਲਬੇ ਹੇਠਾਂ ਦੱਬਣ ਕਾਰਨ 7 ਸਾਲ ਦੀ ਬੱਚੀ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਮਾਤਾ-ਪਿਤਾ ਅਤੇ 3 ਬੱਚੇ ਸ਼ਾਮਲ ਹਨ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਤਾਂ ਮ੍ਰਿਤਕ ਬੱਚੀ ਦੀ ਲਾਸ਼ ਨੂੰ ਮੁਰਦਾ ਘਰ ਲਿਜਾਇਆ ਗਿਆ, ਜਿੱਥੇ ਪੋਸਟਮਾਰਟਮ ਮਗਰੋਂ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਛੱਤ ਕਿਵੇਂ ਡਿੱਗੀ।
ਜਾਣਕਾਰੀ ਮੁਤਾਬਕ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਪਵਨ ਕੁਮਾਰ ਆਪਣੇ ਪਰਿਵਾਰ ਨਾਲ ਕਮਰੇ ਵਿਚ ਹਰ ਰੋਜ਼ ਵਾਂਗ ਸ਼ਨੀਵਾਰ ਰਾਤ ਨੂੰ ਵੀ ਸੁੱਤਾ ਹੋਇਆ ਸੀ। ਸਵੇਰੇ ਅਚਾਨਕ ਹੀ ਛੱਤ ਡਿੱਗ ਗਈ ਅਤੇ ਇਹ ਸਾਰੇ ਮਲਬੇ ਹੇਠਾਂ ਦੱਬੇ ਗਏ। ਛੱਤ ਡਿੱਗਣ ਨਾਲ ਧਮਾਕੇ ਵਰਗੀ ਆਵਾਜ਼ ਆਈ ਤਾਂ ਆਲੇ-ਦੁਆਲੇ ਦੇ ਲੋਕ ਨੀਂਦ ਤੋਂ ਜਾਗੇ ਅਤੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਵਿਚ ਜੁੱਟ ਗਏ। ਸਖ਼ਤ ਮੁਸ਼ੱਕਤ ਮਗਰੋਂ ਮਲਬੇ ਹੇਠੋਂ ਉਨ੍ਹਾਂ ਨੂੰ ਕੱਢਿਆ ਗਿਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ 7 ਸਾਲ ਦੀ ਤਨਿਸ਼ਕਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਦਕਿ ਪਵਨ ਕੁਮਾਰ ਤੋਂ ਇਲਾਵਾ ਪਤਨੀ ਰਾਨੀ ਦੇਵੀ, ਪੁੱਤਰ ਧਰੁਵ, ਧੀਆਂ- ਸਾਨਿਆ ਅਤੇ ਚਾਹਤ ਜੇਰੇ ਇਲਾਜ ਹਨ।