ਕੇਦਾਰਨਾਥ ਧਾਮ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ
Sunday, Apr 23, 2023 - 12:37 PM (IST)
ਰਿਸ਼ੀਕੇਸ਼- ਗੜ੍ਹਵਾਲ ਹਿਮਾਲਿਆ ਦੀਆਂ ਉੱਚੀਆਂ ਪਹਾੜੀਆਂ ਖਾਸ ਕਰਕੇ ਕੇਦਾਰਨਾਥ 'ਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਖ਼ਰਾਬ ਰਹਿਣ ਅਤੇ ਬਰਫਬਾਰੀ ਹੋਣ ਕਾਰਨ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਰੋਕ ਦਿੱਤਾ ਗਿਆ ਹੈ। ਕੇਦਾਰਨਾਥ ਧਾਮ ਦੇ ਕਿਵਾੜ ਮੰਗਲਵਾਰ 25 ਅਪ੍ਰੈਲ ਨੂੰ ਖੁੱਲ੍ਹ ਰਹੇ ਹਨ। ਗੜ੍ਹਵਾਲ ਡਿਵੀਜ਼ਨ ਦੇ ਵਧੀਕ ਕਮਿਸ਼ਨਰ ਅਤੇ ਚਾਰਧਾਮ ਯਾਤਰਾ ਪ੍ਰਸ਼ਾਸਨ ਸੰਗਠਨ ਦੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਨਰਿੰਦਰ ਸਿੰਘ ਕਵੀਰਿਆਲ ਨੇ ਦੱਸਿਆ ਕਿ ਖਰਾਬ ਮੌਸਮ ਅਤੇ ਬਰਫ਼ਬਾਰੀ ਨੂੰ ਵੇਖਦੇ ਹੋਏ ਕੇਦਾਰਨਾਥ ਧਾਮ ਲਈ ਰਿਸ਼ੀਕੇਸ਼ ਅਤੇ ਹਰਿਦੁਆਰ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ 30 ਅਪ੍ਰੈਲ ਤੱਕ ਰੋਕ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਚਾਰਧਾਮ ਯਾਤਰਾ: ਯਮੁਨੋਤਰੀ-ਗੰਗੋਤਰੀ ਧਾਮ ਦੇ ਕਿਵਾੜ ਖੁੱਲ੍ਹੇ, ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ
ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਕੇਦਾਰਨਾਥ ਧਾਮ ਲਈ ਰਜਿਸਟ੍ਰੇਸ਼ਨ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਖ਼ਰਾਬ ਮੌਸਮ ਅਤੇ ਬਰਫ਼ਬਾਰੀ ਦੀ ਲਗਾਤਾਰ ਸਮੀਖਿਆ ਕਰੇਗੀ ਅਤੇ ਉਸੇ ਹਿਸਾਬ ਨਾਲ ਅੱਗੇ ਯਾਤਰੀਆਂ ਅਤੇ ਯਾਤਰਾ ਹਿੱਤ 'ਚ ਢੁੱਕਵਾਂ ਫ਼ੈਸਲਾ ਲਿਆ ਜਾਵੇਗਾ। ਗੜ੍ਹਵਾਲ ਹਿਮਾਲਿਆ ਦੀਆਂ ਉੱਚੀਆਂ ਪਹਾੜੀਆਂ ਖ਼ਾਸ ਕਰਕੇ ਕੇਦਾਰਨਾਥ ਧਾਮ 'ਚ ਲਗਾਤਾਰ ਮੀਂਹ ਅਤੇ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਨਾ ਸਿਰਫ ਉੱਥੇ ਦਾ ਤਾਪਮਾਨ ਕਾਫੀ ਹੇਠਾਂ ਆ ਗਿਆ ਹੈ, ਸਗੋਂ ਪੈਦਲ ਰਸਤਿਆਂ 'ਤੇ ਵਾਰ-ਵਾਰ ਜਮ੍ਹਾ ਹੋਈ ਬਰਫ਼ ਨੂੰ ਸਾਫ਼ ਕਰਨ 'ਚ ਮੁਸ਼ਕਲਾਂ ਆ ਰਹੀਆਂ ਹਨ। ਅਜਿਹੇ ਹਾਲਾਤ 'ਚ ਕੇਦਾਰਨਾਥ ਧਾਮ ਦੀ ਯਾਤਰਾ ਸ਼ਰਧਾਲੂਆਂ ਲਈ ਕਾਫੀ ਜ਼ੋਖਮ ਭਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ- ਬਰਫ਼ਬਾਰੀ ਮਗਰੋਂ ਬਰਫ਼ ਦੀ ਸਫ਼ੈਦ ਚਾਦਰ ਨਾਲ ਢੱਕਿਆ ਬਦਰੀਨਾਥ ਮੰਦਰ, ਡੇਢ ਫੁੱਟ ਤੋਂ ਵੱਧ ਬਰਫ਼ ਜੰਮੀ
ਹਾਲਾਂਕਿ, ਹੋਰ ਧਾਮਾਂ- ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਲਈ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਚੱਲ ਰਿਹਾ ਹੈ। ਬਦਰੀਨਾਥ ਧਾਮ ਦੇ ਕਿਵਾੜ 27 ਅਪ੍ਰੈਲ ਨੂੰ ਖੁੱਲ੍ਹਣਗੇ ਜਦਕਿ ਗੰਗੋਤਰੀ ਅਤੇ ਯਮੁਨੋਤਰੀ ਦੇ ਕਿਵਾੜ ਸ਼ਨੀਵਾਰ ਨੂੰ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਖੋਲ੍ਹੇ ਗਏ ਹਨ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਸ਼ੁੱਕਰਵਾਰ ਨੂੰ ਸਾਰੇ ਧਾਮਾਂ 'ਚ ਸ਼ਰਧਾਲੂਆਂ ਦੀ ਰੋਜ਼ਾਨਾ ਸੀਮਾ ਤੈਅ ਕੀਤੇ ਜਾਣ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਸੀ ਪਰ ਉਨ੍ਹਾਂ ਨੇ ਸਾਫ਼ ਕੀਤਾ ਸੀ ਕਿ ਚਾਰਧਾਮ ਆਉਣ ਵਾਲੇ ਸ਼ਰਧਾਲੂਆਂ ਦਾ ਰਜਿਸਟ੍ਰੇਸ਼ਨ ਜ਼ਰੂਰੀ ਹੈ। ਹੁਣ ਤੱਕ ਦੇਸ਼-ਵਿਦੇਸ਼ ਤੋਂ 16 ਲੱਖ ਤੋਂ ਵੱਧ ਲੋਕ ਚਾਰਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।
ਇਹ ਵੀ ਪੜ੍ਹੋ- ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ